ਗੋਰਖਪੁਰ ’ਚ ਨੀਟ ਵਿਦਿਆਰਥੀ ਦੇ ਕਤਲ ਦਾ ਮਾਮਲਾ, ਮੁਕਾਬਲੇ ’ਚ ਇਕ ਮੁਲਜ਼ਮ ਗ੍ਰਿਫ਼ਤਾਰ, 2 ਹਿਰਾਸਤ ’ਚ
Wednesday, Sep 17, 2025 - 11:22 PM (IST)

ਗੋਰਖਪੁਰ, (ਭਾਸ਼ਾ)-ਗੋਰਖਪੁਰ ਦੇ ਪਿਪਰਾਈਚ ਇਲਾਕੇ ’ਚ ਨੀਟ ਦੇ ਵਿਦਿਆਰਥੀ ਦੀਪਕ ਗੁਪਤਾ (20) ਦੇ ਕਤਲ ਮਾਮਲੇ ’ਚ ਪੁਲਸ ਨੇ ਬੁੱਧਵਾਰ ਨੂੰ ਵੱਡੀ ਸਫਲਤਾ ਹਾਸਲ ਕੀਤੀ। ਪਿਪਰਾਈਚ ਅਤੇ ਕੁਸ਼ੀਨਗਰ ਪੁਲਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ’ਚ ਪਸ਼ੂ ਸਮੱਗਲਰ ਰਹੀਮ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਛੋਟੂ ਅਤੇ ਰਾਜੂ ਨਾਂ ਦੇ 2 ਸ਼ੱਕੀ ਹਿਰਾਸਤ ’ਚ ਹਨ।
2 ਹੋਰ ਫਰਾਰ ਮੁਲਜ਼ਮਾਂ ਲਈ ਇਨਾਮ ਦਾ ਐਲਾਨ ਕੀਤਾ ਗਿਆ ਹੈ। ਮੰਗਲਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ’ਚ ਤਣਾਅ ਫੈਲ ਗਿਆ। ਪਿੰਡ ਵਾਸੀਆਂ ਨੇ ਇਕ ਮੁਲਜ਼ਮ ਅਜਬ ਹੁਸੈਨ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ, ਜੋ ਗੰਭੀਰ ਹਾਲਤ ’ਚ ਬੀ. ਆਰ. ਡੀ. ਮੈਡੀਕਲ ਕਾਲਜ ’ਚ ਦਾਖਲ ਹੈ।
ਘਟਨਾ ਤੋਂ ਬਾਅਦ ਗੋਰਖਪੁਰ ਪੁਲਸ ਨੇ ਲਾਪ੍ਰਵਾਹੀ ਲਈ ਜੰਗਲ ਧੂਸਰ ਪੁਲਸ ਚੌਕੀ ਦੇ ਇੰਚਾਰਜ ਅਤੇ ਪੂਰੇ ਸਟਾਫ ਨੂੰ ਮੁਅੱਤਲ ਕਰ ਦਿੱਤਾ। ਏ.ਡੀ.ਜੀ. ਕਾਨੂੰਨ ਅਤੇ ਵਿਵਸਥਾ ਅਮਿਤਾਭ ਯਸ਼ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਨੇ 1 ਕਰੋੜ ਰੁਪਏ ਦਾ ਮੁਆਵਜ਼ਾ, ਸਰਕਾਰੀ ਨੌਕਰੀ ਤੇ ਮੁਲਜ਼ਮਾਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।