NEET-PG ਪ੍ਰੀਖਿਆ: ਸਿਹਤ ਮੰਤਰੀ ਮਾਂਡਵੀਆ ਚੋਟੀ ਦੇ 25 ਰੈਂਕ ਲਿਆਉਣ ਵਾਲਿਆਂ ਨੂੰ ਕਰਨਗੇ ਸਨਮਾਨਤ
Thursday, Jun 30, 2022 - 03:58 PM (IST)

ਨਵੀਂ ਦਿੱਲੀ– ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਮੈਡੀਸਨ ਅਤੇ ਡੈਂਟਲ ਪਾਠਕ੍ਰਮਾਂ ’ਚ ਪ੍ਰਵੇਸ਼ ਲਈ ਨੀਟ-ਪੀਜੀ ਪ੍ਰੀਖਿਆ ’ਚ ਚੋਟੀ ਦੇ 25 ਰੈਂਕ ਲਿਆਉਣ ਵਾਲਿਆਂ ਨਾਲ ਸੰਵਾਦ ਅਤੇ ਉਨ੍ਹਾਂ ਨੂੰ ਸਨਮਾਨਤ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ, ਜਦੋਂ ਕੇਂਦਰੀ ਸਿਹਤ ਮੰਤਰੀ ਪ੍ਰਵੇਸ਼ ਪ੍ਰੀਖਿਆ ’ਚ ਚੋਟੀ ਦੇ ਰੈਂਕ ਲਿਆਉਣ ਵਾਲਿਆਂ ਨੂੰ ਸਨਮਾਨਤ ਕਰਨਗੇ।
ਰਾਸ਼ਟਰੀ ਪ੍ਰਵੇਸ਼-ਕਮ-ਯੋਗਤਾ ਪ੍ਰੀਖਿਆ-ਪੋਸਟ-ਗ੍ਰੈਜੂਏਟ (NEET-PG), 2022 ਦੇ ਨਤੀਜੇ 1 ਜੂਨ ਨੂੰ ਘੋਸ਼ਿਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮਾਂਡਵੀਆ ਚੋਟੀ ਦੇ ਰੈਂਕਰਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਵੀ ਕਰਨਗੇ ਅਤੇ ਇਸ ਦੌਰਾਨ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਰਾਸ਼ਟਰੀ ਡਾਕਟਰ ਦਿਵਸ ਦੀ ਪੂਰਵ ਸੰਧਿਆ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ।
ਏਮਜ਼ ਸਮੇਤ ਸਾਰੇ ਮੈਡੀਕਲ ਅਤੇ ਡੈਂਟਲ ਕਾਲਜਾਂ ਵਿਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ। 1 ਜੁਲਾਈ ਨੂੰ ਲੇਡੀ ਹਾਰਡਿੰਗ ਮੈਡੀਕਲ ਕਾਲਜ ’ਚ ਆਯੋਜਿਤ ਪ੍ਰੋਗਰਾਮ ’ਚ ਕੇਂਦਰੀ ਪੱਧਰ ਦੇ ਉੱਘੇ ਡਾਕਟਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਸਿਹਤ ਮੰਤਰਾਲੇ ਵਲੋਂ ਆਯੋਜਿਤ ਸਨਮਾਨ ਸਮਾਰੋਹ ਬਾਰੇ ਇਕ ਡਾਕਟਰ ਨੇ ਕਿਹਾ ਇਹ ਪਹਿਲਕਦਮੀ ਨੌਜਵਾਨ ਅਤੇ ਮਾਹਰ ਡਾਕਟਰਾਂ ਨੂੰ ਆਪਣੀ ਪੋਸਟ-ਗ੍ਰੈਜੂਏਸ਼ਨ ਕਰ ਰਹੇ ਮਾਹਰ ਡਾਕਟਰਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ।