ਜਾਨ ਬਚਾਉਣ ਲਈ ਜਾਨ ਦੀ ਬਾਜ਼ੀ ਤੱਕ ਲਾ ਦਿੰਦੀ ਹੈ NDRF : ਪੀਊਸ਼ ਆਨੰਦ

Wednesday, Jul 17, 2024 - 09:53 AM (IST)

ਜਾਨ ਬਚਾਉਣ ਲਈ ਜਾਨ ਦੀ ਬਾਜ਼ੀ ਤੱਕ ਲਾ ਦਿੰਦੀ ਹੈ NDRF : ਪੀਊਸ਼ ਆਨੰਦ

ਭੂਚਾਲ, ਹੜ੍ਹ, ਲੈਂਡ ਸਲਾਈਡਿੰਗ, ਤੂਫਾਨ, ਭਿਆਨਕ ਅੱਗਜਨੀ, ਬੰਬ ਬਲਾਸਟ ਹੋਵੇ ਜਾਂ ਫਿਰ ਕੈਮੀਕਲ, ਬਾਇਓਲਾਜੀਕਲ ਅਤੇ ਰੇਡੀਓਲਾਜੀਕਲ ਵਰਗੀਆਂ ਆਫਤਾਂ। ਦੇਸ਼ ’ਚ ਇਕਲੌਤੀ ਫੋਰਸ ਐੱਨ. ਡੀ. ਆਰ. ਐੱਫ. (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਤੁਰੰਤ ਬਚਾਅ ਕਾਰਜ ’ਚ ਜੁਟਦਾ ਹੈ। ਫੋਰਸ ਦੇ ਜਵਾਨ ਕਿਸੇ ਵੀ ਤਰ੍ਹਾਂ ਦੇ ਮੁਸ਼ਕਲ ਹਾਲਾਤ ਹੋਣ ਲੋਕਾਂ ਦੀਆਂ ਜਾਨਾਂ ਬਚਾਉਂਦੇ ਹਨ। ਇਹ ਫੋਰਸ ਕਿਵੇਂ ਕੰਮ ਕਰਦੀ ਹੈ, ਕੁਸ਼ਲ ਪ੍ਰਬੰਧਨ ਦਾ ਮੰਤਰ ਕੀ ਹੈ? ਇਸ ਨੂੰ ਸਮਝਣ ਲਈ ਐੱਨ. ਡੀ. ਆਰ. ਐੱਫ. ਦੇ ਡਾਇਰੈਕਟਰ ਜਨਰਲ (ਡੀ. ਜੀ.) ਪੀਊਸ਼ ਆਨੰਦ ਨਾਲ ਪੰਜਾਬ ਕੇਸਰੀ (ਜਲੰਧਰ)/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਦੇ ਸੰਜੀਵ ਯਾਦਵ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਨ ਪ੍ਰਮੁੱਖ ਅੰਸ਼ :

ਬਚਾਅ ਕਾਰਜਾਂ ਲਈ ਐੱਨ. ਡੀ. ਆਰ. ਐੱਫ. ਦਾ ਹੀ ਨਾਂ ਪਹਿਲਾਂ ਯਾਦ ਆਉਂਦਾ ਹੈ। ਇਸ ਫੋਰਸ ਦੇ ਵਿਸ਼ੇ ਦੀ ਕਾਰਜ ਪ੍ਰਣਾਲੀ ਕਿਸ ਤਰ੍ਹਾਂ ਦੀ ਹੈ?

ਐੱਨ. ਡੀ. ਆਰ. ਐੱਫ. ਇਕ ਸਪੈਸ਼ਲ ਯੂਨਿਟ ਹੈ, ਜੋ ਆਫਤ ਦੀ ਸਥਿਤੀ ਦੇ ਲਈ ਐਕਸਪਰਟ ਅਤੇ ਡੈਡੀਕੇਟਿਡ ਰਿਸਪਾਂਸ ਲਈ ਗਠਿਤ ਕੀਤੀ ਗਈ ਹੈ। ਇਸ ਯੂਨਿਟ ਦੇ ਗਠਨ ਦੀ ਸੰਵਿਧਾਨਕ ਵਿਵਸਥਾ ਆਫਤ ਪ੍ਰਬੰਧਨ ਐਕਟ, 2005 ਦੀ ਧਾਰਾ 44-45 ਰਾਹੀਂ ਕੀਤੀ ਗਈ ਹੈ। ਕਿਉਂਕਿ ਇਸ ਦੇ ਪ੍ਰਧਾਨ ਸਿੱਧੇ ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਹਨ ਅਤੇ ਗ੍ਰਹਿ ਮੰਤਰਾਲਾ ਦੇ ਅਧੀਨ ਇਹ ਕੰਮ ਕਰਦਾ ਹੈ, ਇਸ ਲਈ ਤੁਰੰਤ ਸਾਨੂੰ ਸਿੱਧੇ ਹੀ ਕਿਸੇ ਵੀ ਆਫਤ ਵਾਲੀ ਥਾਂ ’ਤੇ ਪਹੁੰਚਣ ’ਚ ਨਾ ਤਾਂ ਸਮਾਂ ਲੱਗਦਾ ਹੈ ਅਤੇ ਨਾ ਹੀ ਸਾਨੂੰ ਕਿਸੇ ਵੀ ਸਰੋਤ ਦੀ ਕਮੀ ਹੁੰਦੀ ਹੈ। ਸਾਡੀ ਜਿੰਨੀ ਵੀ ਯੂਨਿਟ ਅਤੇ ਜਵਾਨ ਹਨ, ਇਨ੍ਹਾਂ ਸਾਰਿਆਂ ਨੂੰ ਖਾਸ ਹਾਲਾਤਾਂ ਲਈ ਤਿਆਰ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਫੌਜ, ਦੇਸ਼ ਦੇ ਕਮਾਂਡੋ ਅਤੇ ਐੱਸ. ਪੀ. ਜੀ. ਦੇ ਜਵਾਨ ਟ੍ਰੇਨਿੰਗ ਪ੍ਰਾਪਤ ਹਨ, ਠੀਕ ਉਸੇ ਤਰ੍ਹਾਂ ਸਾਡੇ ਜਵਾਨ ਜਲ, ਥਲ ਅਤੇ ਹਵਾ ’ਚ ਹਰ ਹਾਲਾਤ ਨਾਲ ਨਜਿੱਠਣ ’ਚ ਸਮਰੱਥ ਹਨ। ਜਾਨ ਬਚਾਉਣ ਲਈ ਐੱਨ. ਡੀ. ਆਰ. ਐੱਫ. ਜਾਨ ਲਾ ਦਿੰਦੀ ਹੈ।

ਜਵਾਨਾਂ ਦੀ ਭਰਤੀ ਕਿਵੇਂ ਹੁੰਦੀ ਹੈ, ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਟ੍ਰੇਨਿੰਗ ਮਿਲਦੀ ਹੈ?

ਪੂਰੇ ਦੇਸ਼ ’ਚ ਅਜੇ ਐੱਨ. ਡੀ. ਆਰ. ਐੱਫ. ਦੀਆਂ ਕੁੱਲ 16 ਬਟਾਲੀਅਨਾਂ ਹਨ। ਹਰ ਬਟਾਲੀਅਨ ’ਚ 18 ਟੀਮਾਂ ਹੁੰਦੀਆਂ ਹਨ। ਹਰ ਟੀਮ ’ਚ ਲੱਗਭਗ 47 ਜਵਾਨ ਸ਼ਾਮਲ ਹੁੰਦੇ ਹਨ। ਐੱਨ. ਡੀ. ਆਰ. ਐੱਫ. ਜਾਂ ਐੱਸ. ਡੀ. ਆਰ. ਐੱਫ. ’ਚ ਸਿੱਧੀ ਭਰਤੀ ਨਹੀਂ ਹੁੰਦੀ ਹੈ। ਇਸ ਵਿਚ ਆਮ ਲੋਕਾਂ ਨੂੰ ਨਹੀਂ ਲਿਆ ਜਾਂਦਾ ਹੈ। ਜਿਹੜੇ ਜਵਾਨ ਪਹਿਲਾਂ ਹੀ ਪੈਰਾ ਮਿਲਟਰੀ ਫੋਰਸਾਂ ’ਚ ਹਨ, ਉਹ 7 ਸਾਲਾਂ ਲਈ ਡੈਪੂਟੇਸ਼ਨ ’ਤੇ ਇਸ ਫੋਰਸ ਵਿਚ ਆਉਂਦੇ ਹਨ। ਚੋਣਵੇਂ ਜਵਾਨਾਂ ਨੂੰ ਹੀ ਇਸ ਫੋਰਸ ’ਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਕਮਾਂਡੋ ਸਮੇਤ ਹੋਰ ਖਾਸ ਟ੍ਰੇਨਿੰਗ ਲਈ ਹੁੰਦੀ ਹੈ। ਇਸ ਤੋਂ ਬਾਅਦ ਐੱਨ. ਡੀ. ਆਰ. ਐੱਫ. ਦੇ ਜਵਾਨਾਂ ਨੂੰ ਕਾਫੀ ਸਖਤ ਅਤੇ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਸ ਵਿਚ ਆਕਸੀ ਫਿਊਲ ਕਟਿੰਗ ਕੋਰਸ, ਸਕੂਲ ਸੇਫਟੀ, ਬੋਟ ਮੈਨੇਜਮੈਂਟ ਕੋਰਸ, ਫਾਇਰ ਫਾਈਟਿੰਗ ਅਤੇ ਐਨੀਮਲ ਡਿਜ਼ਾਸਟਰ ਸਮੇਤ ਕਈ ਹੋਰ ਟ੍ਰੇਨਿੰਗਾਂ ਸ਼ਾਮਲ ਹਨ। ਕੈਮੀਕਲ, ਰੇਡੀਓਲਾਜੀਕਲ, ਬਾਇਓਲਾਜੀਕਲ ਅਤੇ ਨਿਊਕਲੀਅਰ ਐਮਰਜੈਂਸੀ ’ਚ ਕਿਵੇਂ ਕੰਮ ਕਰਨਾ ਹੈ, ਇਸ ਦੇ ਲਈ ਵੀ ਜਵਾਨਾਂ ਨੂੰ ਤਿਆਰ ਕੀਤਾ ਜਾਂਦਾ ਹੈ।

ਫੋਰਸ ਵਿਚ ਸਿਰਫ ਟ੍ਰੇਨਿੰਗ ਪ੍ਰਾਪਤ ਜਵਾਨ ਹੁੰਦੇ ਹਨ ਜਾਂ ਫਿਰ ਹੋਰ ਐਕਸਪਰਟ ਵੀ?

ਆਫਤ ਦੇ ਸਮੇਂ ਸਿਰਫ ਹਿੰਮਤ ਹੀ ਕੰਮ ਨਹੀਂ ਆਉਂਦੀ ਹੈ ਸਗੋਂ ਉਸ ਸਮੇਂ ਸਬਰ ਅਤੇ ਟ੍ਰੇਨਿੰਗ ਦੇ ਨਾਲ-ਨਾਲ ਸੂਝ-ਬੂਝ ਕੰਮ ਆਉਂਦੀ ਹੈ। ਕਿਉਂਕਿ ਜਿਨ੍ਹਾਂ ਹਾਲਾਤਾਂ ’ਚ ਸਾਡੀ ਟੀਮ ਮੌਕੇ ’ਤੇ ਪਹੁੰਚਦੀ ਹੈ, ਉਥੋਂ ਦੇ ਹਾਲਾਤ ਬਿਹਤਰ ਨਹੀਂ ਹੁੰਦੇ ਹਨ। ਅਜਿਹੇ ’ਚ ਐੱਨ. ਡੀ. ਆਰ. ਐੱਫ. ਦੀ ਹਰੇਕ ਬਟਾਲੀਅਨ 18 ਸੈਲਫ ਕੰਟੇਨਡ ਸਪੈਸ਼ਲਿਸਟ ਸਰਵਿਸ ਦੇ ਲੋਕ ਸ਼ਾਮਲ ਹੁੰਦੇ ਹਨ। ਹਰੇਕ ਟੀਮ ’ਚ ਇੰਜੀਨੀਅਰ, ਬਿਜਲੀ ਕਰਮਚਾਰੀ, ਟੈਕਨੀਸ਼ੀਅਨ, ਪੈਰਾਮੈਡੀਕਸ, ਮੈਡੀਕਲ ਪੇਸ਼ੇਵਰ ਅਤੇ ਡਾਗ ਸਕੁਐਡ ਦੀ ਟੀਮ ਰਹਿੰਦੀ ਹੈ, ਜਿਨ੍ਹਾਂ ਦੇ ਸਹਿਯੋਗ ਨਾਲ ਹੀ ਕਿਸੇ ਵੀ ਆਪ੍ਰੇਸ਼ਨ ਨੂੰ ਕੀਤਾ ਜਾਂਦਾ ਹੈ।

ਬਚਾਅ ਕਾਰਜ ਦੇ ਲਈ 24 ਘੰਟੇ ਤਿਆਰ ਰਹਿੰਦੇ ਹਨ ਜਵਾਨ

PunjabKesari

ਦੇਸ਼ ’ਚ ਕਿਤੇ ਵੀ ਆਫਤ ਜਾਂ ਮੁਸ਼ਕਲ ਹਾਲਾਤ ਪੈਦਾ ਹੁੰਦੇ ਹਨ ਤਾਂ ਫੋਰਸ ਜਾਨ ਬਚਾਉਣ ਲਈ ਤੁਰੰਤ ਰਾਹਤ ਕਿਵੇਂ ਪਹੁੰਚਾਉਂਦੀ ਹੈ?

ਐੱਨ. ਡੀ. ਆਰ. ਐੱਫ. ਫੋਰਸ ਨੇ ਹੁਣ ਤੱਕ 1,55,205 ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਹਨ। ਸਾਡੀ ਫੋਰਸ 24 ਘੰਟੇ ਤਤਪਰ ਰਹਿਣ ਵਾਲੀ ਫੋਰਸ ਹੈ ਅਤੇ ਐਮਰਜੈਂਸੀ ਕਾਲ ਮਿਲਣ ਤੋਂ 30 ਮਿੰਟ ਦੇ ਅੰਦਰ ਰਾਹਤ ਟੀਮ ਨੂੰ ਰਵਾਨਾ ਕਰ ਦਿੱਤਾ ਜਾਂਦਾ ਹੈ। ਅਸੀਂ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਕੰਮ ਕੀਤਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਬਚਾਇਆ ਹੈ। ਹਾਲ ਹੀ ’ਚ ਤੁਰਕੀ ਦੇ ਭੂਚਾਲ ’ਚ ਪ੍ਰਧਾਨ ਮੰਤਰੀ ਦੇ ਹੁਕਮ ’ਤੇ ਫੋਰਸ ਸਿਰਫ 22 ਘੰਟੇ ’ਚ ਉਥੇ ਪਹੁੰਚੀ ਸੀ ਅਤੇ ਲੱਗਭਗ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ ਸੀ। ਇਸ ਦੇ ਇਲਾਵਾ ਦੇਸ਼ ਦੇ ਅੰਦਰ ਅਤੇ ਬਾਹਰ ਆਫਤ ਪੀੜਤ ਖੇਤਰਾਂ ’ਚ ਫਸੇ ਹੋਏ 8,00,420 ਤੋਂ ਵੱਧ ਲੋਕਾਂ ਨੂੰ ਫੋਰਸ ਨੇ ਬਚਾਇਆ ਹੈ। 2011 ਦੀ ਜਾਪਾਨ ਟ੍ਰਿਪਲ ਡਿਜ਼ਾਸਟਰ, 2015 ਦਾ ਨੇਪਾਲ ਭੂਚਾਲ ਵਰਗੀਆਂ ਆਫਤਾਂ ਦੌਰਾਨ ਐੱਨ. ਡੀ. ਆਰ. ਐੱਫ. ਦੇ ਤੁਰੰਤ ਅਤੇ ਕੁਸ਼ਲ ਬਚਾਅ ਕਾਰਜ ਨੂੰ ਗਲੋਬਲ ਪੱਧਰ ’ਤੇ ਸ਼ਲਾਘਾ ਮਿਲੀ। ਬਿਹਤਰੀਨ ਟੀਮ ਵਰਕ, ਸਖਤ ਟ੍ਰੇਨਿੰਗ ਅਤੇ ਤਕਨਾਲੋਜੀ ਦੀ ਸਹੀ ਵਰਤੋਂ ਨੇ ਇਨ੍ਹਾਂ ਉਪਲੱਬਧੀਆਂ ਨੂੰ ਸੰਭਵ ਬਣਾਇਆ ਹੈ।

ਵਾਲੰਟੀਅਰ ਤਿਆਰ ਕਰਨ ਲਈ ਦਿੱਤੀ ਜਾਂਦੀ ਹੈ ਟ੍ਰੇਨਿੰਗ

ਵਾਲੰਟੀਅਰ ਤਿਆਰ ਕਰਨ ਲਈ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟ੍ਰੇਨਿੰਗ ਫੋਰਸ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਗੱਲ ਦੀ ਸਹੁੰ ਚੁਕਾਈ ਜਾਂਦੀ ਹੈ ਕਿ ਉਹ ਭਵਿੱਖ ’ਚ ਵੀ ਪੂਰੀ ਈਮਾਨਦਾਰੀ ਅਤੇ ਸਮਰਪਣ ਨਾਲ ਆਪਣੇ ਫਰਜ਼ਾਂ ਨੂੰ ਪੂਰਾ ਕਰਦੇ ਰਹਿਣਗੇ ਅਤੇ ਫੋਰਸ ਦੇ ਆਦਰਸ਼ ਮਾਟੋ ‘ਆਪਦਾ ਸੇਵਾ ਸਦੈਵ ਸਰਵਤ੍ਰ’ ਨੂੰ ਹਮੇਸ਼ਾ ਸਾਰਥਕ ਬਣਾਈ ਰੱਖਣਗੇ। ਸੰਸਥਾ ਵੱਲੋਂ ਕੀਤੀ ਜਾ ਰਹੀ ਸੇਵਾ ਲਈ ਸਾਰੇ ਜਵਾਨ ਸ਼ਲਾਘਾ ਦੇ ਪਾਤਰ ਹਨ। ਆਫਤ ’ਚ ਫਸਟ ਰਿਸਪਾਂਡਰ ਦੇ ਰੂਪ ’ਚ ਕੰਮ ਕਰਨ ਲਈ ਕਾਲਜ, ਸਕੂਲ, ਸਰਕਾਰੀ ਦਫਤਰ ਸਮੇਤ ਆਮ ਲੋਕਾਂ ਨੂੰ ਵੀ ਵੱਡੇ ਪੱਧਰ ’ਤੇ ਵੀ ਟ੍ਰੇਨਿੰਗ ਦੇਣ ਦਾ ਕੰਮ ਐੱਨ. ਡੀ. ਆਰ. ਐੱਫ. ਕਰ ਰਹੀ ਹੈ। ਮਕਸਦ ਹੈ ਕਿ ਟ੍ਰੇਂਡ ਵਾਲੰਟੀਅਰ ਆਫਤ ਦੌਰਾਨ ਮਦਦ ਕਰ ਸਕਣ। ਪਿਛਲੇ ਕੁਝ ਸਾਲਾਂ ’ਚ 80 ਲੱਖ ਤੋਂ ਵੱਧ ਲੋਕਾਂ ਨੂੰ ਵਾਲੰਟੀਅਰ ਦੇ ਤੌਰ ’ਤੇ ਟ੍ਰੇਨਿੰਗ ਦਿੱਤੀ ਗਈ ਹੈ। ਇਸ ਦੇ ਲਈ ਵੱਖ-ਵੱਖ ਥਾਂ ’ਤੇ ਟ੍ਰੇਨਿੰਗ ਕੈਂਪ ਲਾਏ ਜਾਂਦੇ ਹਨ।


author

Tanu

Content Editor

Related News