ਬਿਹਾਰ ਚੋਣ ਨਤੀਜੇ 2020: 125 ਸੀਟਾਂ ਨਾਲ ਬਿਹਾਰ ''ਚ ਫਿਰ NDA ਸਰਕਾਰ
Wednesday, Nov 11, 2020 - 02:21 AM (IST)
ਨਵੀਂ ਦਿੱਲੀ - ਬਿਹਾਰ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਬਿਹਾਰ ਦੀ ਜਨਤਾ ਦੀ ਨਬਜ਼ ਫੜਨਾ ਕਿਸੇ ਵੀ ਐਗਜ਼ਿਟ ਪੋਲ ਦੇ ਵੱਸ ਦੀ ਗੱਲ ਨਹੀਂ ਹੈ। ਬਿਹਾਰ ਚੋਣਾਂ ਤੋਂ ਬਾਅਦ ਆਏ ਐਗਜ਼ਿਟ ਪੋਲ ਨੇ ਭਾਵੇ ਹੀ ਮਹਾਗਠਬੰਧਨ ਦੇ ਸਿਰ 'ਤੇ ਜਿੱਤ ਦਾ ਸਹਿਰਾ ਬੰਨ੍ਹ ਦਿੱਤਾ ਹੋਵੇ ਪਰ ਹਕੀਕਤ ਇਸ ਤੋਂ ਬਿਲਕੁੱਲ ਉਲਟ ਨਿਕਲੀ ਹੈ। ਬਿਹਾਰ 'ਚ ਇੱਕ ਵਾਰ ਫਿਰ ਐੱਨ.ਡੀ.ਏ. ਦੀ ਸਰਕਾਰ ਬਣ ਚੁੱਕੀ ਹੈ ਅਤੇ ਨਿਤੀਸ਼ ਕੁਮਾਰ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਨੂੰ ਤਿਆਰ ਹਨ। ਦੱਸ ਦਈਏ ਕਿ ਬਿਹਾਰ ਵਿਧਾਨਸਭਾ ਚੋਣਾਂ 'ਚ ਐੱਨ.ਡੀ.ਏ. ਨੂੰ 125 ਸੀਟਾਂ, ਮਹਾਗਠਬੰਧਨ ਨੂੰ 110 ਸੀਟਾਂ, ਐੱਲ.ਜੇ.ਪੀ. ਨੂੰ 1 ਜਦੋਂ ਕਿ ਹੋਰਾਂ ਦੇ ਖਾਤੇ 7 ਸੀਟਾਂ ਗਈਆਂ ਹਨ।
ਇਹ ਵੀ ਪੜ੍ਹੋ: NDA ਦੀ ਜਿੱਤ 'ਤੇ PM ਮੋਦੀ ਨੇ ਜਤਾਈ ਖੁਸ਼ੀ, ਕਿਹਾ- ਬਿਹਾਰ ਦੇ ਲੋਕ ਸਿਰਫ ਵਿਕਾਸ ਚਾਹੁੰਦੇ ਹਨ
ਬਿਹਾਰ 'ਚ ਇੱਕ ਵਾਰ ਫਿਰ ਨਿਤੀਸ਼ ਕੁਮਾਰ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਦਾ ਸ਼ਾਸਨ ਬਿਹਾਰ ਦੀ ਜਨਤਾ ਦੀ ਪਹਿਲੀ ਪਸੰਦ ਹੈ ਅਤੇ ਉੱਥੇ ਦੇ ਲੋਕ ਅਜੇ ਵੀ ਉਨ੍ਹਾਂ 'ਤੇ ਭਰੋਸਾ ਕਰਦੇ ਹਨ। ਹਾਲਾਂਕਿ ਇਸ ਚੋਣ ਨੂੰ ਪੂਰੀ ਤਰ੍ਹਾਂ ਨਿਤੀਸ਼ ਕੁਮਾਰ ਦੇ ਪੱਖ 'ਚ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਬਿਹਾਰ 'ਚ ਚੋਣ ਰੈਲੀਆਂ ਕੀਤੀਆਂ ਉਸ ਤੋਂ ਬਾਅਦ ਐੱਨ.ਡੀ.ਏ. 'ਤੇ ਬਿਹਾਰ ਦੀ ਜਨਤਾ ਦਾ ਭਰੋਸਾ ਵੱਧ ਗਿਆ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਵੋਟ ਇੱਕ ਵਾਰ ਫਿਰ ਬਿਹਾਰ 'ਚ ਜੰਗਲਰਾਜ ਲਿਆ ਸਕਦਾ ਹੈ। ਪ੍ਰਧਾਨ ਮੰਤਰੀ ਦੀ ਇਹੀ ਗੱਲ ਸ਼ਾਇਦ ਬਿਹਾਰ ਦੀ ਜਨਤਾ ਦੇ ਦਿਲ 'ਚ ਘਰ ਕਰ ਗਈ। ਇਸ ਤੋਂ ਬਾਅਦ ਚੋਣ ਦੇ ਦਿਨ ਜੋ ਹੋਇਆ ਉਹ ਅੱਜ ਸਭ ਦੇ ਸਾਹਮਣੇ ਹੈ।