ਰਾਕਾਂਪਾ ਨੇਤਾ ਪ੍ਰਫੁੱਲ ਪਟੇਲ ਈ.ਡੀ. ਦੇ ਸਾਹਮਣੇ ਹੋਏ ਪੇਸ਼
Monday, Jun 10, 2019 - 12:24 PM (IST)

ਨਵੀਂ ਦਿੱਲੀ— ਸਾਬਕਾ ਨਾਗਰਿਕ ਹਵਾਬਾਜ਼ੀ ਮੰਤਰੀ ਅਤੇ ਰਾਕਾਂਪਾ ਨੇਤਾ ਪ੍ਰਫੁੱਲ ਪਟੇਲ ਕਰੋੜਾਂ ਰੁਪਏ ਦੇ ਹਵਾਬਾਜ਼ੀ ਘਪਲੇ ਨਾਲ ਏਅਰ ਇੰਡੀਆ ਨੂੰ ਹੋਏ ਘਾਟੇ ਨੂੰ ਲੈ ਕੇ ਚੱਲ ਰਹੀ ਧਨ ਸੋਧ ਜਾਂਚ ਦੇ ਸਿਲਸਿਲੇ 'ਚ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਪਟੇਲ ਇੱਥੇ ਸਵੇਰੇ ਕਰੀਬ 10.30 ਵਜੇ ਏਜੰਸੀ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਦਾ ਬਿਆਨ ਧਨ ਸੋਧ ਵਿਰੋਧੀ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਅਧੀਨ ਦਰਜ ਕੀਤਾ ਜਾਵੇਗਾ। ਸਮਝਿਆ ਜਾਂਦਾ ਹੈ ਕਿ ਪਟੇਲ ਤੋਂ ਕਈ ਸਵਾਲ ਪੁੱਛੇ ਜਾਣਗੇ। ਇਹ ਮਾਮਲਾ ਕੌਮਾਂਤਰੀ ਏਅਰ ਲਾਈਨਜ਼ ਲਈ ਹਵਾਈ ਸਲਾਟਸ ਤੈਅ ਕਰਨ 'ਚ ਬੇਨਿਯਮੀਆਂ ਨੂੰ ਲੈ ਕੇ ਈ.ਡੀ. ਵਲੋਂ ਦਰਜ ਕੀਤੀ ਗਈ ਅਪਰਾਧਕ ਸ਼ਿਕਾਇਤ ਤੋਂ ਸਾਹਮਣੇ ਆਇਆ। ਇਸ 'ਚ ਰਾਸ਼ਟਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੂੰ ਘਾਟਾ ਹੋਇਆ। ਜਾਂਚ ਏਜੰਸੀ ਨੇ ਕੋਰਟ 'ਚ ਹਾਲ ਹੀ 'ਚ ਜੋ ਦੋਸ਼ ਪੱਤਰ ਦਾਇਰ ਕੀਤਾ ਉਸ 'ਚ ਪਟੇਲ (62) ਨੂੰ ਅਜਿਹੇ ਵਿਅਕਤੀ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ, ਜਿਸ ਨੂੰ ਹਵਾਬਾਜ਼ੀ ਲਾਬਿਸਟ ਦੀਪਕ ਤਲਵਾੜ ਜਾਣਦਾ ਹੈ।
ਈ.ਡੀ. ਨੇ ਕੁਝ ਸਮੇਂ ਪਹਿਲਾਂ ਤਲਵਾਰ ਨੂੰ ਗ੍ਰਿਫਤਾਰ ਕੀਤਾ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇਤਾ ਨੂੰ ਮਾਮਲੇ 'ਚ ਬਤੌਰ ਦੋਸ਼ੀ ਨਾਮਜ਼ਦ ਨਹੀਂ ਕੀਤਾ ਗਿਆ ਹੈ। ਪਟੇਲ 2004 ਅਤੇ 2011 ਦਰਮਿਆਨ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਇੰਚਾਰਜ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਈ.ਡੀ. ਪਹਿਲਾਂ ਹੀ ਸਰਕਾਰੀ ਏਅਰਲਾਈਨ ਅਤੇ ਹਵਾਬਾਜ਼ੀ ਮੰਤਰਾਲੇ ਦੇ ਸੀਨੀਅਰ ਪ੍ਰਬੰਧਨ 'ਚ ਕਈ ਲੋਕਾਂ ਤੋਂ ਪੁੱਛ-ਗਿੱਛ ਕਰ ਚੁਕਿਆ ਹੈ। ਅਧਿਕਾਰੀਆਂ ਨੇਦੱਸਿਆ ਕਿ ਰਾਜ ਸਭਾ ਮੈਂਬਰ ਪਟੇਲ ਤੋਂ ਤਲਵਾੜ ਦੇ ਬਿਆਨਾਂ ਅਤੇ ਖੁਲਾਸਿਆਂ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮਾਮਲੇ 'ਚ ਈ.ਡੀ. ਦੇ ਦੋਸ਼ ਪੱਤਰ 'ਚ ਤਲਵਾੜ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਪਟੇਲ ਦੇ ਨਿਯਮਿਤ ਸੰਪਰਕ 'ਚ ਸਨ। ਦੋਸ਼ ਪੱਤਰ ਅਨੁਸਾਰ, ਤਲਵਾੜ ਨੇ ਆਪਣੇ ਸੰਪਰਕਾਂ ਦਾ ਇਸਤੇਮਾਲ ਕਰ ਨਿੱਜੀ ਏਅਰ ਲਾਈਨਜ਼ ਲਈ ਗਲਤ ਲਾਭ ਹਾਸਲ ਕੀਤਾ। ਤਲਵਾੜ ਨੂੰ ਦੁਬਈ ਤੋਂ ਭਾਰਤ ਲਿਆਏ ਜਾਣ ਤੋਂ ਬਾਅਦ ਇਸ ਸਾਲ ਦੀ ਸ਼ੁਰੂਆਤ 'ਚ ਈ.ਡੀ. ਨੇ ਗ੍ਰਿਫਤਾਰ ਕੀਤਾ ਸੀ।