ਮਹਾਰਾਸ਼ਟਰ 'ਚ ਵੱਡਾ ਉਲਟਫੇਰ, ਸ਼ਿੰਦੇ ਸਰਕਾਰ 'ਚ ਡਿਪਟੀ CM ਬਣੇ ਅਜੀਤ ਪਵਾਰ

07/02/2023 2:53:24 PM

ਮੁੰਬਈ (ਭਾਸ਼ਾ)- ਇਕ ਵੱਡੇ ਸਿਆਸੀ ਘਟਨਾਕ੍ਰਮ ਦੇ ਅਧੀਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਸੀਨੀਅਰ ਆਗੂ ਅਜੀਤ ਪਵਾਰ ਨੇ ਐਤਵਾਰ ਨੂੰ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਵਿਚ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਦੋਂ ਕਿ ਪਾਰਟੀ ਦੇ 8 ਹੋਰ ਨੇਤਾਵਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸੂਤਰਾਂ ਨੇ ਦੱਸਿਆ ਕਿ ਪਟਨਾ ਵਿਚ ਹਾਲ ਹੀ ਵਿਚ ਹੋਈ ਵਿਰੋਧੀ ਧਿਰ ਦੀ ਬੈਠਕ 'ਚ ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਅਤੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੁਲੇ ਦੀ ਮੌਜੂਦਗੀ ਤੋਂ ਅਜੀਤ ਪਵਾਰ ਅਤੇ ਉਨ੍ਹਾਂ ਦੇ ਸਮਰਥਕ ਨਾਰਾਜ਼ ਸਨ। ਰਾਜਪਾਲ ਰਮੇਸ਼ ਬੈਸ ਨੇ ਜਿੱਥੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ, ਉੱਥੇ ਹੀ 8 ਹੋਰ ਐੱਨਸੀਪੀ ਨੇਤਾਵਾਂ ਨੇ ਰਾਜ ਭਵਨ ਵਿਚ ਹੋਏ ਇਕ ਸਮਾਗਮ ਵਿਚ ਮੰਤਰੀ ਵਜੋਂ ਸਹੁੰ ਚੁੱਕੀ।

PunjabKesari

ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲਿਆਂ 'ਚ ਛਗਨ ਭੁਜਬਲ, ਦਿਲੀਪ ਵਾਲਸੇ ਪਾਟਿਲ, ਹਸਨ ਮੁਸ਼ਰਿਫ, ਧਨੰਜੈ ਮੁੰਡੇ, ਅਦਿਤੀ ਤਟਕਰੇ, ਧਰਮਰਾਓ ਆਤਰਮ, ਅਨਿਲ ਪਾਟਿਲ ਅਤੇ ਸੰਜੇ ਬਨਸੋਡੇ ਸ਼ਾਮਲ ਹਨ। ਰਾਜ ਭਵਨ 'ਚ ਮੌਜੂਦ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਕਿਹਾ ਕਿ ਅਜੀਤ ਪਵਾਰ ਨੇ ਹੇਠਲੇ ਸਦਨ 'ਚ ਵਿਰੋਧੀ ਧਿਰ ਦੇ ਨੇਤਾ (ਐੱਲ.ਓ.ਪੀ.) ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਰਾਜ ਭਵਨ 'ਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਜਿਰਵਾਲ ਅਤੇ ਰਾਕਾਂਪਾ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਵੀ ਰਾਜ ਭਵਨ ਵਿਚ ਮੌਜੂਦ ਸਨ। ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਦਾਅਵਾ ਕੀਤਾ ਕਿ ਐੱਨ.ਸੀ.ਪੀ. ਦੇ 40 ਵਿਧਾਇਕਾਂ (ਕੁੱਲ 53 'ਚੋਂ) ਨੇ ਰਾਜ ਸਰਕਾਰ ਦਾ ਸਮਰਥਨ ਕੀਤਾ ਹੈ। ਸੂਬੇ ਵਿਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਪ੍ਰਸਤਾਵਿਤ ਹੈ। ਇਹ ਰਾਜਨੀਤਿਕ ਵਿਕਾਸ ਸ਼ਿਵ ਸੈਨਾ (ਉਦੋਂ ਅਣਵੰਡੇ) ਦੇ ਵਿਰੁੱਧ ਸ਼ਿੰਦੇ ਦੀ ਅਗਵਾਈ ਵਾਲੀ ਬਗਾਵਤ ਦੇ ਇਕ ਸਾਲ ਬਾਅਦ ਹੋਇਆ ਹੈ ਜਿਸ ਕਾਰਨ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਡਿੱਗ ਗਈ ਸੀ। ਸ਼ਿੰਦੇ ਨੇ 30 ਜੂਨ 2022 ਨੂੰ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।

ਭਾਜਪਾ ਦੀ ਮੁੰਬਈ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਰਾਜ ਮੰਤਰੀ ਆਸ਼ੀਸ਼ ਸ਼ੇਲਾਰ ਨੇ ਕਿਹਾ,''ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਿੰਦੁਤੱਵ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਥਨ ਦਿੱਤਾ। ਅੱਜ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਕਾਂਪਾ ਦਾ ਇਕ ਵੱਡਾ ਧਿਰ ਲੋਕਤੰਤਰੀ ਤਰੀਕੇ ਨਾਲ ਸ਼ਿੰਦੇ ਅਤੇ ਫੜਨਵੀਸ ਸਰਕਾਰ 'ਚ ਸ਼ਾਮਲ ਹੋ ਰਿਹਾ ਹੈ ਅਤੇ ਮੋਦੀ ਜੀ ਨੂੰ ਸਮਰਥਨ ਦੇ ਰਿਹਾ ਹੈ।'' ਇਸ ਤੋਂ ਪਹਿਲੇ ਦਿਨ ਅਜੀਤ ਪਵਾਰ ਨੇ ਮੁੰਬਈ 'ਚ ਆਪਣੇ ਅਧਿਕਾਰਤ ਘਰ 'ਦੇਵਗੀਰੀ 'ਚ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਧਾਇਕਾਂ ਨਾਲ ਬੈਠਕ ਕੀਤੀ। ਬੈਠਕ 'ਚ ਰਾਕਾਂਪਾ ਦੇ ਸੀਨੀਅਰ ਨੇਤਾ ਛਗਨ ਭੁਜਬਲ ਅਤੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੁਲੇ ਮੌਜੂਦ ਸੀ।


DIsha

Content Editor

Related News