ਵਿਦਿਆਰਥੀਆਂ ’ਚ ਮਾਨਸਿਕ ਸਿਹਤ ਸਮੱਸਿਆਵਾਂ ਦੀ ਪਛਾਣ ਕਰਨ ਲਈ NCERT ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ

Sunday, Sep 11, 2022 - 06:24 PM (IST)

ਵਿਦਿਆਰਥੀਆਂ ’ਚ ਮਾਨਸਿਕ ਸਿਹਤ ਸਮੱਸਿਆਵਾਂ ਦੀ ਪਛਾਣ ਕਰਨ ਲਈ NCERT ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਨਵੀਂ ਦਿੱਲੀ (ਭਾਸ਼ਾ) : ਮਾਨਸਿਕ ਸਿਹਤ ਸਲਾਹਕਾਰ ਕਮੇਟੀ ਦਾ ਗਠਨ, ਮਾਨਸਿਕ ਸਿਹਤ ਪ੍ਰੋਗਰਾਮ, ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਯਕੀਨੀ ਬਣਾਉਣ ਲਈ ਵਿੱਦਿਅਕ ਸਹਾਇਤਾ ਆਦਿ NCERT ਵੱਲੋਂ ਸਕੂਲਾਂ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਸ਼ਾਮਲ ਹੈ। ਸਕੂਲ ਜਾਣ ਵਾਲੇ ਵਿਦਿਆਰਥੀਆਂ ਵਿਚਾਲੇ ਕਰਾਏ ਗਏ ਮਾਨਸਿਕ ਸਿਹਤ ਸੰਬੰਧੀ ਸਰਵੇਖਣ ਤੋਂ ਬਾਅਦ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ.ਸੀ.ਈ.ਆਰ.ਟੀ.) ਵੱਲੋਂ  ‘ਸਕੂਲ ਜਾਣ ਵਾਲੇ ਬੱਚਿਆਂ ਅਤੇ ਕਿਸ਼ੋਰਾਂ ’ਚ ਮਾਨਸਿਕ ਸਿਹਤ ਸਮੱਸਿਆਵਾਂ ਦੀ ਸ਼ੁਰੂਆਤੀ ਪਛਾਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।’ ਪਿਛਲੇ ਹਫ਼ਤੇ ਆਈ ਸਰਵੇਖਣ ਰਿਪੋਰਟ ’ਚ ਸਕੂਲ ਜਾਣ ਵਾਲੇ ਵਿਦਿਆਰਥੀਆਂ ’ਚ ਤਣਾਅ ਅਤੇ ਚਿੰਤਾ ਦੇ ਮੁੱਖ ਕਾਰਕਾਂ ’ਚ ਪ੍ਰੀਖਿਆਵਾਂ, ਨਤੀਜਿਆਂ ਅਤੇ ਸਾਥੀਆਂ ਦੇ ਦਬਾਅ ਦਾ ਹਵਾਲਾ ਦਿੱਤਾ ਗਿਆ ਹੈ। ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ‘‘ਸਕੂਲਾਂ ਨੂੰ ਆਮ ਤੌਰ ’ਤੇ ਅਜਿਹੇ ਸਥਾਨਾਂ ਵਜੋਂ ਦੇਖਿਆ ਜਾਂਦਾ ਹੈ, ਜਿੱਥੇ ਵਿਦਿਆਰਥੀਆਂ ਦੇ ਇਕ ਸੁਰੱਖਿਅਤ ਵਾਤਾਵਰਣ ’ਚ ਵਿਕਸਿਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ।

ਸਕੂਲ ਪ੍ਰਬੰਧਨ, ਪ੍ਰਿੰਸੀਪਲ, ਅਧਿਆਪਕ, ਹੋਰ ਸਟਾਫ ਅਤੇ ਵਿਦਿਆਰਥੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੂਲਾਂ ’ਚ ਸਾਲ ਵਿਚ ਲੱਗਭਗ 220 ਦਿਨ ਬਿਤਾਉਂਦੇ ਹਨ। ਰਿਹਾਇਸ਼ੀ ਸਕੂਲਾਂ ’ਚ ਇਕ ਵਿਦਿਆਰਥੀ ਵੱਲੋਂ ਬਿਤਾਇਆ ਗਿਆ ਸਮਾਂ ਇਸ ਤੋਂ ਵੀ ਵੱਧ ਹੁੰਦਾ ਹੈ। ਇਸ ਲਈ ਸਕੂਲਾਂ ਅਤੇ ਹੋਸਟਲਾਂ ’ਚ ਸਾਰੇ ਬੱਚਿਆਂ ਦੀ ਸੁਰੱਖਿਆ, ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਸਕੂਲਾਂ ਦੀ ਜ਼ਿੰਮੇਵਾਰੀ ਹੈ।"

ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ, “ਹਰੇਕ ਸਕੂਲ ਜਾਂ ਸਕੂਲਾਂ ਦੇ ਸਮੂਹਾਂ ਨੂੰ ਇਕ ਮਾਨਸਿਕ ਸਿਹਤ ਸਲਾਹਕਾਰ ਕਮੇਟੀ ਬਣਾਉਣੀ ਚਾਹੀਦੀ ਹੈ। ਇਸ ਦੀ ਪ੍ਰਧਾਨਗੀ ਪ੍ਰਿੰਸੀਪਲ ਨੂੰ ਕਰਨੀ ਚਾਹੀਦੀ ਹੈ। ਇਸ ’ਚ ਅਧਿਆਪਕ, ਮਾਪੇ, ਵਿਦਿਆਰਥੀ, ਸਾਬਕਾ ਵਿਦਿਆਰਥੀ ਮੈਂਬਰ ਵਜੋਂ ਸ਼ਾਮਲ ਹੋਣਗੇ। ਇਸ ਗੱਲ ’ਤੇ ਗੌਰ ਕਰਦਿਆਂ ਮਾਨਸਿਕ ਸਿਹਤ ਦੇ ਜ਼ਿਆਦਾਤਰ ਮੁੱਦੇ ਜੀਵਨ ਦੇ ਸ਼ੁਰੂਆਤੀ ਪੜਾਅ ’ਚ ਸਾਹਮਣੇ ਆਉਂਦੇ ਹਨ, ਐੱਨ. ਸੀ. ਈ. ਆਰ. ਟੀ. ਨੇ ਸਿਫ਼ਾਰਿਸ਼ ਕੀਤੀ ਹੈ ਕਿ ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਸ਼ੁਰੂਆਤੀ ਲੱਛਣਾਂ ਬਾਰੇ ਸੂਚਿਤ ਕਰਨ।


author

Manoj

Content Editor

Related News