ਨਕਸਲੀ ਹਮਲੇ 'ਚ ਸ਼ਹੀਦ ਪਤੀ ਦੇ ਸਸਕਾਰ ਤੋਂ ਪਹਿਲਾਂ ਚਿਖਾ 'ਤੇ ਲੰਮੀ ਪੈ ਗਈ ਪਤਨੀ, ਕਰਨ ਲੱਗੀ ਇਹ ਜ਼ਿੱਦ
Friday, Apr 28, 2023 - 04:26 PM (IST)
ਦੰਤੇਵਾੜਾ- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਵੀਰਵਾਰ ਨੂੰ ਮਾਤਮ ਛਾਇਆ ਰਿਹਾ। ਇਕ ਦਿਨ ਪਹਿਲਾਂ ਸ਼ਹੀਦ ਹੋਏ 10 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰ ਪਹੁੰਚੀਆਂ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ। ਸ਼ਹੀਦਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਉੱਥੇ ਹੀ ਕਸੋਲੀ ਪਿੰਡ ਦੇ ਰਾਜੂ ਕਰਟਮ ਦੀ ਮ੍ਰਿਤਕ ਦੇਹ ਨਾਲ ਉਨ੍ਹਾਂ ਦੀ ਪਤਨੀ ਲਿਪਟ ਗਈ। ਅੰਤਿਮ ਸੰਸਕਾਰ ਕੀਤਾ ਜਾਣ ਲੱਗਾ ਤਾਂ ਉਹ ਚਿਖਾ 'ਤੇ ਹੀ ਲੇਟ ਗਈ ਅਤੇ ਪਤੀ ਨਾਲ ਸਾੜੇ ਜਾਣ ਦੀ ਜਿੱਦ ਕਰਨ ਲੱਗੀ। ਇਹ ਮੰਜ਼ਰ ਦੇਖ ਕੇ ਉੱਥੇ ਮੌਜੂਦ ਹਰ ਸ਼ਖ਼ਸ ਰੋ ਪਿਆ। ਬਜ਼ੁਰਗਾਂ ਨੇ ਕਿਸੇ ਤਰ੍ਹਾਂ ਉਸ ਨੂੰ ਸਮਝਾਇਆ। ਉਦੋਂ ਜਾ ਕੇ ਅੰਤਿਮ ਸੰਸਕਾਰ ਹੋ ਸਕਿਆ।
ਦੱਸਣਯੋਗ ਹੈ ਕਿ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ 'ਚ ਬੀਤੇ ਬੁੱਧਵਾਰ ਨਕਸਲੀਆਂ ਵਲੋਂ ਕੀਤੇ ਗਏ ਆਈ.ਈ.ਡੀ. ਧਮਾਕੇ 'ਚ 10 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਅਤੇ ਇਕ ਡਰਾਈਵਰ ਦੀ ਮੌਤ ਹੋ ਗਈ। ਸ਼ਹੀਦ ਪੁਲਸ ਮੁਲਾਜ਼ਮਾਂ 'ਚੋਂ 5 ਨਕਸਲਵਾਦ ਛੱਡਣ ਤੋਂ ਬਾਅਦ ਪੁਲਸ ਫ਼ੋਰਸ 'ਚ ਸ਼ਾਮਲ ਹੋਏ ਸਨ।