ਜਲ ਸੈਨਾ ਦੇ ਮਲਾਹ ਨੂੰ ਅਗਵਾ ਕਰ ਜਿਊਂਦਾ ਸਾੜਿਆ, ਪਿਤਾ ਨੇ ਲਾਈ ਇਨਸਾਫ਼ ਦੀ ਗੁਹਾਰ
Sunday, Feb 07, 2021 - 10:38 AM (IST)
ਰਾਂਚੀ- ਚੇਨਈ ਤੋਂ 30 ਜਨਵਰੀ ਨੂੰ ਅਗਵਾ ਕੀਤੇ ਗਏ ਜਲ ਸੈਨਾ ਦੇ 26 ਸਾਲਾ ਮਲਾਹ ਨੂੰ ਅਗਵਾਕਰਤਾਵਾਂ ਨੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਜਿਊਂਦਾ ਸਾੜ ਦਿੱਤਾ। ਪਾਲਘਰ ਦੇ ਐੱਸ.ਪੀ. ਦੱਤਾਤ੍ਰੇਯ ਸ਼ਿੰਦੇ ਨੇ ਦੱਸਿਆ ਕਿ ਜਲ ਸੈਨਾ ਮਲਾਹ ਦੀ ਪਛਾਣ ਸੂਰਜ ਕੁਮਾਰ ਦੁਬੇ ਦੇ ਰੂਪ 'ਚ ਹੋਈ ਹੈ। ਉਹ ਝਾਰਖੰਡ ਦੇ ਰਾਂਚੀ ਦੇ ਵਾਸੀ ਸਨ। ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਉੱਥੇ ਹੀ ਸੂਰਜ ਦੇ ਪਿਤਾ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਜ਼ਿਲ੍ਹਾ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਲਾਹ ਸੂਰਜ ਕੁਮਾਰ ਦੁਬੇ ਦੀ ਸ਼ੁੱਕਰਵਾਰ ਨੂੰ ਮੁੰਬਈ ਦੇ ਹਸਪਤਾਲ 'ਚ ਸ਼ਿਫਟ ਕਰਨ ਦੌਰਾਨ ਮੌਤ ਹੋ ਗਈ। ਪਾਲਘਰ ਪੁਲਸ ਦੇ ਬੁਲਾਰੇ ਸਚਿਨ ਨਵਾਡਕਰ ਨੇ ਦੱਸਿਆ ਕਿ ਦੁਬੇ ਰਾਂਚੀ ਦੇ ਰਹਿਣ ਵਾਲੇ ਸਨਅਤੇ ਕੋਇੰਬਟੂਰ 'ਚ ਆਈ.ਐੱਨ.ਐੱਸ. ਅਗਰਨੀ 'ਤੇ ਤਾਇਨਾਤ ਸਨ।
3 ਦਿਨ ਬੰਧਕ ਬਣਾਈ ਰੱਖਣ ਤੋਂ ਬਾਅਦ ਜਿਊਂਦੇ ਸਾੜਿਆ
ਸ਼ੁਰੂਆਤੀ ਜਾਂਚ ਅਨੁਸਾਰ ਦੁਬੇ 30 ਜਨਵਰੀ ਨੂੰ ਛੁੱਟੀ 'ਤੇ ਆਏ ਸਨ, ਉਦੋਂ ਚੇਨਈ ਹਵਾਈ ਅੱਡੇ ਦੇ ਬਾਹਰੋਂ ਰਾਤ ਕਰੀਬ 9 ਵਜੇ ਤਿੰਨ ਲੋਕਾਂ ਨੂੰ ਬੰਦੂਕ ਦੀ ਨੋਕ 'ਤੇ ਉਨ੍ਹਾਂ ਨੂੰ ਅਗਵਾ ਕਰ ਲਿਆ ਅਤੇ 10 ਲੱਖ ਰੁਪਏ ਦੀ ਫਿਰੌਤੀ ਮੰਗੀ। ਦੁਬੇ ਨੂੰ ਚੇਨਈ 'ਚ 3 ਦਿਨ ਬੰਧਕ ਬਣਾ ਕੇ ਰੱਖਿਆ ਗਿਆ।ਬਾਅਦ 'ਚ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਲਿਆਂਦਾ ਗਿਆ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਅਗਵਾਕਰਤਾਵਾਂ ਨੇ ਦੁਬੇ ਦੇ ਹੱਥ-ਪੈਰ ਬੰਨ੍ਹੇ ਅਤੇ ਘੋਲਵਾੜ ਦੇ ਜੰਗਲਾਂ 'ਚ ਜਿਊਂਦਾ ਸਾੜ ਕੇ ਮਰਨ ਲਈ ਛੱਡ ਕੇ ਫਰਾਰ ਹੋ ਗਿਆ। ਇੱਥੋਂ ਕਿਸੇ ਤਰ੍ਹਾਂ ਦੁਬੇ ਸਥਾਨਕ ਲੋਕਾਂ ਤੱਕ ਪਹੁੰਚੇ। ਇਸ ਦੌਰਾਨ ਉਹ 90 ਫੀਸਦੀ ਸੜ ਚੁਕੇ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਸਿਹਤ ਕੇਂਦਰ ਪਹੁੰਚਾਇਆ ਗਿਆ। 90 ਫੀਸਦੀ ਤੱਕ ਸੜ ਚੁਕੇ ਦੁਬੇ ਨੂੰ ਮੁੰਬਈ ਦੇ ਨੇਵੀ ਹਸਪਤਾਲ 'ਚ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਪਰ ਉਨ੍ਹਾਂ ਨੇ ਰਸਤੇ 'ਚ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : 10 ਲੱਖ ਦੀ ਫਿਰੌਤੀ ਨਾ ਮਿਲਣ 'ਤੇ ਸਮੁੰਦਰੀ ਫੌਜ ਦੇ ਜਵਾਨ ਨੂੰ ਜਿਉਂਦਾ ਸਾੜਿਆ
ਮਰਨ ਤੋਂ ਪਹਿਲਾਂ ਪੁਲਸ ਨੂੰ ਦਿੱਤੀ ਪੂਰੀ ਘਟਨਾ ਦੀ ਜਾਣਕਾਰੀ
ਮਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਅਗਵਾ ਤੋਂ ਲੈ ਕੇ ਜਿਊਂਦੇ ਸਾੜ ਤੱਕ ਦੀ ਪੂਰੀ ਘਟਨਾ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ। ਹੁਣ ਉਨ੍ਹਾਂ ਦੇ ਪਿਤਾ ਨੇ ਪੁਲਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪੁੱਤ ਲਈ ਨਿਆਂ ਚਾਹੀਦਾ। ਇਹੀ ਸੰਦੇਸ਼ ਮੀਡੀਆ ਦੇ ਮਾਧਿਅਮ ਨਾਲ ਦੇਣਾ ਚਾਹੁੰਦਾ ਹਾਂ। ਮੇਰੇ ਪੁੱਤ ਨੇ ਮਰਨ ਤੋਂ ਪਹਿਲਾਂ ਬਿਆਨ ਦਿੱਤਾ ਕਿ ਉਨ੍ਹਾਂ ਨੂੰ 3 ਦਿਨ ਲਈ ਅਗਵਾ ਕਰ ਲਿਆ ਗਿਆ ਸੀ, ਫਿਰੌਤੀ ਦੀ ਵਸਤੂ ਬਣਾ ਦਿੱਤਾ ਗਿਆ ਸੀ। ਫਿਰ ਉਸ ਨੂੰ ਪਾਲਘਰ ਲਿਆਂਦਾ ਗਿਆ ਅਤੇ ਸਾੜ ਦਿੱਤਾ ਗਿਆ।