ਪੰਜ ਤੱਤਾਂ ''ਚ ਵਿਲੀਨ ਹੋਏ ਨਟਵਰ ਸਿੰਘ, ਕਈ ਨੇਤਾਵਾਂ ਨੇ ਦਿੱਤੀ ਅੰਤਿਮ ਵਿਦਾਈ

Monday, Aug 12, 2024 - 05:18 PM (IST)

ਨਵੀਂ ਦਿੱਲੀ- ਸਾਬਕਾ ਵਿਦੇਸ਼ ਮੰਤਰੀ ਕੇ. ਨਟਵਰ ਸਿੰਘ ਸੋਮਵਾਰ ਨੂੰ ਇੱਥੇ ਪੰਜ ਤੱਤਾਂ 'ਚ ਵਿਲੀਨ ਹੋ ਗਏ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸਮੇਤ ਕਈ ਨੇਤਾਵਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਨਟਵਰ ਸਿੰਘ ਦਾ ਲੰਬੀ ਬੀਮਾਰੀ ਮਗਰੋਂ ਸ਼ਨੀਵਾਰ ਰਾਤ ਦਿਹਾਂਤ ਹੋ ਗਿਆ ਸੀ। ਉਹ 93 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ 'ਚ ਮੀਂਹ ਦਰਮਿਆਨ ਲੋਧੀ ਸ਼ਮਸ਼ਾਨਘਾਟ ਵਿਚ ਕੀਤਾ ਗਿਆ। 

ਨਟਵਰ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਅਤੇ ਸਮਰਥਕਾਂ ਤੋਂ ਇਲਾਵਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਕੇਂਦਰੀ ਸੰਸਕ੍ਰਿਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ, ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ, ਕਾਂਗਰਸ ਨੇਤਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਕਈ ਨੇਤਾ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।

ਨਟਵਰ ਨੇ ਦਿੱਲੀ ਦੇ ਨੇੜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਅੰਤਿਮ ਸਾਹ ਲਿਆ ਸੀ, ਜਿੱਥੇ ਉਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਦਾਖ਼ਲ ਕਰਵਾਇਆ ਗਿਆ ਸੀ। ਨਟਵਰ ਸਿੰਘ ਦਾ ਜਨਮ 1931 ਵਿਚ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ 'ਚ ਹੋਇਆ ਸੀ। ਉਹ ਭਾਰਤੀ ਵਿਦੇਸ਼ ਸੇਵਾ ਵਿਚ ਸਨ, ਲਿਹਾਜ਼ਾ ਉਹ ਸਿਆਸਤ ਵਿਚ ਆਏ ਤਾਂ ਉਨ੍ਹਾਂ ਕੋਲ ਕੂਟਨੀਤਕ ਮਾਮਲਿਆਂ ਦੀ ਸਮਝ, ਪਕੜ ਅਤੇ ਤਜ਼ਰਬਾ ਵੀ ਸੀ। ਉਹ ਚੰਗੇ ਲੇਖਕ ਵੀ ਸਨ ਅਤੇ ਉਨ੍ਹਾਂ ਨੇ 'ਮਹਾਰਾਜਾ' ਦੇ ਜੀਵਨ ਤੋਂ ਲੈ ਕੇ ਵਿਦੇਸ਼ੀ ਮਾਮਲਿਆਂ ਦੀਆਂ ਬਾਰੀਕੀਆਂ ਤੱਕ ਦੇ ਵਿਸ਼ਿਆਂ 'ਤੇ ਕਿਤਾਬਾਂ ਲਿਖੀਆਂ। ਉਨ੍ਹਾਂ ਨੂੰ 1984 ਵਿਚ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ।


Tanu

Content Editor

Related News