ਲੰਘੇ ਸਾਲ ਕੁਦਰਤੀ ਆਫ਼ਤਾਂ ਦੀ ਮਾਰ ਨੇ ਝੰਬੇ ਪੰਜਾਬ ਤੇ ਹਿਮਾਚਲ, ਹਜ਼ਾਰਾਂ ਮੌਤਾਂ, ਅਰਬਾਂ ਦਾ ਨੁਕਸਾਨ

Thursday, Oct 12, 2023 - 11:48 AM (IST)

ਲੰਘੇ ਸਾਲ ਕੁਦਰਤੀ ਆਫ਼ਤਾਂ ਦੀ ਮਾਰ ਨੇ ਝੰਬੇ ਪੰਜਾਬ ਤੇ ਹਿਮਾਚਲ, ਹਜ਼ਾਰਾਂ ਮੌਤਾਂ, ਅਰਬਾਂ ਦਾ ਨੁਕਸਾਨ

ਜਲੰਧਰ/ਨਵੀਂ ਦਿੱਲੀ (ਸੂਰਜ ਠਾਕੁਰ)- ਉੱਤਰੀ ਭਾਰਤ 'ਚ ਹਿਮਾਚਲ, ਉਤਰਾਖੰਡ, ਪੰਜਾਬ ਅਤੇ ਹਰਿਆਣਾ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਸੂਬਿਆਂ ਨੂੰ ਅਜੇ ਵੀ ਘਾਟੇ ਤੋਂ ਉਭਰਨ ਲਈ ਕੇਂਦਰ ਤੋਂ ਕਰੋੜਾਂ ਰੁਪਏ ਦੀ ਲੋੜ ਹੈ। ਇਸੇ ਦੌਰਾਨ ਸਿੱਕਮ ਵਿਚ ਦੱਖਣੀ ਲੋਨਾਕ ਝੀਲ 'ਤੇ ਬੱਦਲ ਫਟਣ ਕਾਰਨ ਪਿਛਲੇ ਹਫ਼ਤੇ ਆਏ ਹੜ੍ਹ ਵਿਚ ਫਸਣ ਨਾਲ 70 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 9 ਫੌਜੀ ਵੀ ਸ਼ਾਮਲ ਹਨ ਅਤੇ ਕਰੀਬ 100 ਲੋਕ ਅਜੇ ਵੀ ਲਾਪਤਾ ਹਨ। ਕੁਦਰਤੀ ਆਫਤਾਂ ਕਾਰਨ ਹੋਣ ਵਾਲੇ ਨੁਕਸਾਨ ਕਾਰਨ ਸੂਬਿਆਂ ’ਚ ਰਾਸ਼ਟਰੀ ਆਫਤ ਐਲਾਨਣ ਦੀ ਮੰਗ ਉੱਠਣ ਲੱਗਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਕ ਰਿਪੋਰਟ ਮੁਤਾਬਕ 2022 ’ਚ ਭਾਰਤ ’ਚ 314 ਅਚਾਨਕ ਭਿਆਨਕ ਮੌਸਮੀ ਘਟਨਾਵਾਂ ਵਾਪਰੀਆਂ ਹਨ ਅਤੇ ਵੱਖ-ਵੱਖ ਸੂਬਿਆਂ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਦੇ ਨਾਲ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ- ਕਾਂਗਰਸੀ ਆਗੂ ਦੇ ਕਤਲਕਾਂਡ 'ਚ ਵੱਡੀ ਕਾਰਵਾਈ, ਅੱਤਵਾਦੀ ਅਰਸ਼ ਡੱਲਾ ਦੇ ਦੋ ਗੁਰਗੇ ਗ੍ਰਨੇਡ ਸਣੇ ਗ੍ਰਿਫ਼ਤਾਰ

PunjabKesari

ਜਦੋਂ ਇਕੋ ਸਮੇਂ 19 ਸੂਬਿਆਂ ’ਚ ਵਾਪਰੀ ਤਬਾਹੀ

ਇਨ੍ਹਾਂ ਅਚਾਨਕ ਵਾਪਰੀਆਂ ਮੌਸਮੀ ਘਟਨਾਵਾਂ ਨੇ 2022 ਵਿਚ 3,026 ਲੋਕਾਂ ਦੀ ਜਾਨ ਲੈ ਲਈ, 1.96 ਮਿਲੀਅਨ ਹੈਕਟੇਅਰ ਫਸਲਾਂ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਕਾਰਨ 4,23,249 ਘਰ ਤਬਾਹ ਹੋ ਗਏ ਅਤੇ 69,899 ਪਸ਼ੂਆਂ ਦੀ ਮੌਤ ਹੋ ਗਈ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ.ਐੱਸ.ਈ.) ਅਤੇ ਡਾਊਨ ਟੂ ਅਰਥ ਡਾਟਾ ਸੈਂਟਰ ਦੀ ਇਸ ਰਿਪੋਰਟ ਅਨੁਸਾਰ 8 ਜੁਲਾਈ 2022 ਨੂੰ 19 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਵਿਚ 3 ਤਰ੍ਹਾਂ ਦੀਆਂ ਅਚਾਨਕ ਘਟਨਾਵਾਂ ਵਾਪਰੀਆਂ। ਕਈ ਥਾਵਾਂ ’ਤੇ ਤੇਜ਼ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕੀ, ਬਿਜਲੀ ਡਿੱਗੀ ਅਤੇ ਬੱਦਲ ਫੱਟ ਗਏ। ਦੇਸ਼ ਭਰ ਵਿਚ ਅਰਬਾਂ ਰੁਪਏ ਦਾ ਨੁਕਸਾਨ ਹੋਇਆ। 

ਇਹ ਵੀ ਪੜ੍ਹੋ-   ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ ਲਈ 'ਆਪ੍ਰੇਸ਼ਨ ਅਜੇ' ਸ਼ੁਰੂ

ਕੀ ਰਾਸ਼ਟਰੀ ਆਫ਼ਤ ਐਲਾਣਨਾ ਸਿਆਸੀ ਮੁੱਦਾ ਹੈ?

ਰਾਸ਼ਟਰੀ ਆਫ਼ਤ ਦਾ ਐਲਾਨ ਕਰਨਾ ਸੂਬਾ ਸਰਕਾਰਾਂ ਲਈ ਇਕ ਸਿਆਸੀ ਮੁੱਦਾ ਹੋ ਸਕਦਾ ਹੈ ਪਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਨੂੰ ਕਿਸੇ ਆਫ਼ਤ ਤੋਂ ਪਹਿਲਾਂ ਲੋਕਾਂ ਨੂੰ ਚੇਤਾਵਨੀ ਦੇਣਾ ਅਤੇ ਬਿਹਤਰ ਪ੍ਰਬੰਧਨ ਕਰਨ ਦੀ ਲੋੜ ਹੁੰਦੀ ਹੈ। ਸਰਕਾਰਾਂ ਇਸ ਵੇਲੇ ਬਰਸਾਤ ਦੇ ਮੌਸਮ ਲਈ ਰਾਹਤ ਫੰਡ ਇਕੱਠਾ ਕਰਨ ਵਿਚ ਰੁੱਝੀਆਂ ਹੋਈਆਂ ਹਨ ਅਤੇ ਅੱਗੇ ਸਰਦੀ ਦਾ ਮੌਸਮ ਆ ਰਿਹਾ ਹੈ। ਹਿਮਾਚਲ ਚਾਹੁੰਦਾ ਹੈ ਕਿ ਉਸ ਨੂੰ ਰਾਸ਼ਟਰੀ ਆਫਤ ਵਾਲਾ ਸੂਬਾ ਐਲਾਨਿਆ ਜਾਵੇ ਤਾਂ ਉਤਰਾਖੰਡ ਦੇ ਜੋਸ਼ੀ ਮਠ ’ਚ ਜ਼ਮੀਨ ਖਿਸਕਣ ਤੋਂ ਬਾਅਦ ਇਸ ਨੂੰ ਰਾਸ਼ਟਰੀ ਆਫਤ ਐਲਾਨ ਕਰਨ ਦਾ ਮਾਮਲਾ ਸੁਪਰੀਮ ਕੋਰਟ ਦੇ ਜ਼ਰੀਏ ਉੱਤਰਾਖੰਡ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ, ਫਸਲਾਂ ਹੜ੍ਹਾਂ ਦੀ ਲਪੇਟ ਵਿਚ ਆ ਕੇ ਤਬਾਹ ਹੋ ਗਈਆਂ, ਜਿਸ ਕਾਰਨ ਨਤੀਜੇ ਵਜੋਂ ਹਰ ਰੋਜ਼ ਰੇਲਾਂ ਜਾਮ ਹੋ ਰਹੀਆਂ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ।

ਇਹ ਵੀ ਪੜ੍ਹੋ- ਸਭ ਤੋਂ ਵਡੇਰੀ ਉਮਰ ਦੀ ਵਿਦਿਆਰਥਣ 'ਅੰਮਾ' ਨਹੀਂ ਰਹੀ, ਮਿਲ ਚੁੱਕੈ ਨਾਰੀ ਸ਼ਕਤੀ ਪੁਰਸਕਾਰ

ਮੀਂਹ, ਤੂਫ਼ਾਨ, ਸੀਤ ਲਹਿਰ, ਬੱਦਲ ਫਟਣਾ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ

ਸੀ. ਐੱਸ. ਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਸਾਧਾਰਨ ਮੰਨੀਆਂ ਜਾਂਦੀਆਂ ਇਨ੍ਹਾਂ ਘਟਨਾਵਾਂ ਦੀ ਗੰਭੀਰਤਾ ਹਰ ਥਾਂ ਬਦਲਦੀ ਰਹਿੰਦੀ ਹੈ। ਇਨ੍ਹਾਂ ਵਿਚੋਂ ਬਹੁਤੀਆਂ ਘਟਨਾਵਾਂ ਦੀ ਕਦੇ ਵੀ ਰਿਪੋਰਟਿੰਗ ਨਹੀਂ ਹੁੰਦੀ ਹੈ। ਭਾਰਤੀ ਮੌਸਮ ਵਿਭਾਗ ਦਾ ਹਵਾਲਾ ਦਿੰਦੇ ਹੋਏ ਸੀ. ਐੱਸ.ਈ. ਰਿਪੋਰਟ ਵਿਚ ਕਿਹਾ ਗਿਆ ਹੈ ਕਿ 2022 ਦੇਸ਼ ਦਾ ਹੁਣ ਤੱਕ ਦਾ 5ਵਾਂ ਸਭ ਤੋਂ ਗਰਮ ਸਾਲ ਸੀ। ਪੂਰੇ ਸਾਲ ਵਿਚ ਵੱਧ ਤੋਂ ਵੱਧ 214 ਦਿਨ ਮੋਹਲੇਧਾਰ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। 185 ਦਿਨ ਆਸਮਾਨੀ ਬਿਜਲੀ ਡਿੱਗੀ ਅਤੇ ਤੂਫਾਨ ਆਏ। 66 ਦਿਨ ਹੀਟ ਵੇਵ ਦੀ ਲਪੇਟ ’ਚ ਰਹੇ, ਜਦ ਕਿ 46 ਦਿਨ ਲੋਕਾਂ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪਿਆ। 11 ਦਿਨਾਂ ਤੱਕ ਬੱਦਲ ਫਟਣ, 4 ਦਿਨ ਬਰਫਬਾਰੀ ਅਤੇ 3 ਦਿਨਾਂ ਤੱਕ ਚੱਕਰਵਾਤ ਦੀਆਂ ਘਟਨਾਵਾਂ ਵਾਪਰੀਆਂ। ਇਹ ਰਿਪੋਰਟ ਦੇਸ਼ ਭਰ ਵਿਚ ਪੂਰੇ ਸਾਲ ਦੌਰਾਨ ਵਾਪਰੀਆਂ ਘਟਨਾਵਾਂ ਦੇ ਹਿਸਾਬ ਨਾਲ ਵਿਸ਼ਲੇਸ਼ਣ ਕਰ ਕੇ ਤਿਆਰ ਕੀਤੀ ਗਈ ਹੈ।

PunjabKesari

ਦੇਸ਼ ਦੇ ਸਾਰੇ ਹਿੱਸਿਆਂ ’ਚ ਵਾਪਰੀ ਤਬਾਹੀ

ਆਈ.ਐੱਮ.ਡੀ. ਨੇ ਪੂਰੇ ਦੇਸ਼ ਨੂੰ ਚਾਰ ਖੇਤਰਾਂ ਵਿਚ ਵੰਡਿਆ - ਉੱਤਰ ਪੱਛਮੀ, ਦੱਖਣੀ ਪ੍ਰਾਇਦੀਪ, ਪੂਰਬੀ ਅਤੇ ਉੱਤਰ-ਪੂਰਬ ਅਤੇ ਮੱਧ ਭਾਰਤ। ਸੀ.ਐੱਸ.ਈ. - ਡਾਊਨ ਟੂ ਅਰਥ ਡਾਟਾ ਸੈਂਟਰ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਸਾਰੇ ਖੇਤਰਾਂ ਨੂੰ ਇਨ੍ਹਾਂ ਅਚਾਨਕ ਮੌਸਮ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ। ਉੱਤਰ-ਪੱਛਮੀ ਖੇਤਰ ਵਾਲੇ 10 ਸੂਬਿਆਂ-ਕੇਂਦਰ ਸ਼ਾਸਿਤ ਸੂਬਿਆਂ ਨੂੰ 2022 ਵਿਚ 237 ਦਿਨਾਂ ਵਿਚ ਕਿਸੇ ਨਾ ਕਿਸੇ ਕਿਸਮ ਦੀਆਂ ਅਚਾਨਕ ਮੌਸਮੀ ਘਟਨਾ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮੱਧ ਭਾਰਤ ਵਿਚ 218 ਦਿਨਾਂ ਵਿਚ ਅਜਿਹੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜਦ ਕਿ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿਚ 196 ਦਿਨਾਂ ਵਿਚ ਅਚਾਨਕ ਘਟਨਾਵਾਂ ਵਾਪਰੀਆਂ। ਦੇਸ਼ ਦਾ ਦੱਖਣੀ ਹਿੱਸਾ 170 ਦਿਨਾਂ ਤਕ ਇਨ੍ਹਾਂ ਘਟਨਾਵਾਂ ਦੀ ਲਪੇਟ ਵਿਚ ਰਿਹਾ।

ਇਹ ਵੀ ਪੜ੍ਹੋ- ਰਾਜਸਥਾਨ 'ਚ ਚੋਣ ਕਮਿਸ਼ਨ ਨੇ ਬਦਲੀ ਵਿਧਾਨ ਸਭਾ ਚੋਣਾਂ ਦੀ ਤਾਰੀਖ਼, ਹੁਣ ਇਸ ਦਿਨ ਪੈਣਗੀਆਂ ਵੋਟਾਂ

ਇੰਝ ਕੀਤਾ ਗਿਆ ਵਿਸ਼ਲੇਸ਼ਣ

ਇਨ੍ਹਾਂ ਅਚਾਨਕ ਮੌਸਮ ਸੰਬੰਧੀ ਵਾਪਰੀਆਂ ਘਟਨਾਵਾਂ ਕਾਰਨ ਹੋਏ ਨੁਕਸਾਨ ਨੂੰ ਸਮਝਣ ਲਈ 4 ਮਾਪਦੰਡਾਂ ’ਤੇ ਵਿਸ਼ਲੇਸ਼ਣ ਕੀਤਾ ਗਿਆ। ਇਹ ਮਾਪਦੰਡ ਮਨੁੱਖੀ ਮੌਤਾਂ, ਪ੍ਰਭਾਵਿਤ ਖੇਤੀਬਾੜੀ ਖੇਤਰ, ਨੁਕਸਾਨੇ ਘਰ ਅਤੇ ਮਰੇ ਜਾਨਵਰਾਂ ਦੀ ਗਿਣਤੀ ਸਨ। 2022 ਵਿਚ ਸਭ ਤੋਂ ਵੱਧ 939 ਮਨੁੱਖੀ ਮੌਤਾਂ ਅਤਿਅੰਤ ਮੌਸਮੀ ਘਟਨਾਵਾਂ ਕਾਰਨ ਮੱਧ ਭਾਰਤ ਵਿਚ ਹੋਈਆਂ। ਇਸ ਦੇ ਨਾਲ ਹੀ ਉੱਤਰ-ਪੱਛਮੀ ਖੇਤਰ ਵਿਚ 878 ਲੋਕਾਂ ਦੀ ਮੌਤ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿਚ 810 ਅਤੇ ਦੱਖਣੀ ਖੇਤਰ ਵਿਚ 400 ਲੋਕਾਂ ਦੀ ਮੌਤ ਹੋ ਗਈ। ਅਚਾਨਕ ਮੌਸਮੀ ਘਟਨਾਵਾਂ ਕਾਰਨ ਲਗਭਗ 20 ਲੱਖ ਹੈਕਟੇਅਰ ਖੇਤਰ ਪ੍ਰਭਾਵਿਤ ਹੋਏ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਦੱਖਣ ਸੀ, ਜਿਥੇ 12 ਲੱਖ ਹੈਕਟੇਅਰ ਫਸਲਾਂ ਨੂੰ ਨੁਕਸਾਨ ਪਹੁੰਚਿਆ। ਉੱਤਰ-ਪੱਛਮੀ ਅਤੇ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿਚ 3 ਲੱਖ ਹੈਕਟੇਅਰ ਫਸਲਾਂ ਨੂੰ ਨੁਕਸਾਨ ਪਹੁੰਚਿਆ। ਇਸ ਦੇ ਨਾਲ ਹੀ ਮੱਧ ਭਾਰਤ ਵਿਚ 2 ਲੱਖ ਹੈਕਟੇਅਰ ਫਸਲ ਤਬਾਹ ਹੋ ਗਈ।

ਇਹ ਵੀ ਪੜ੍ਹੋ- ਦੀਵਾਲੀ-ਛਠ ਮੌਕੇ ਘਰ ਜਾਣ ਵਾਲੇ ਯਾਤਰੀਆਂ ਲਈ ਖੁਸ਼ਖ਼ਬਰੀ, ਚੱਲਣਗੀਆਂ ਸਪੈਸ਼ਲ ਟਰੇਨਾਂ

ਕੁਦਰਤੀ ਆਫ਼ਤਾਂ ਤੋਂ ਸਬਕ ਨਹੀਂ ਸਿੱਖਦੀਆਂ ਸਰਕਾਰਾਂ

ਸੂਬਾ ਸਰਕਾਰਾਂ ਸਿਰਫ ਆਪਣੇ ਸੂਬੇ ਦੀ ਤਬਾਹੀ ਦੇਖਦੀਆਂ ਹਨ, ਜਦ ਕਿ ਆਫ਼ਤਾਂ ਸਮੇਂ ਉਹ ਇਸ ਗੱਲ ਵੱਲ ਧਿਆਨ ਨਹੀਂ ਦਿੰਦੀਆਂ ਕਿ ਕਿਵੇਂ ਸੂਬਿਆਂ ਦਾ ਪ੍ਰਬੰਧਨ ਕਰਨਾ ਹੈ। ਹਰ ਸਾਲ ਬਰਸਾਤ ਦੌਰਾਨ ਕੁਦਰਤੀ ਆਫ਼ਤਾਵਾਂ ਵਾਪਰਦੀਆਂ ਹਨ ਪਰ ਸਰਕਾਰਾਂ ਉਨ੍ਹਾਂ ਤੋਂ ਸਬਕ ਨਹੀਂ ਸਿੱਖਦੀਆਂ । ਜਦੋਂ ਤਬਾਹੀ ਨਾਲ ਲੋਕਾਂ ਦੀ ਜਾਨ ਅਤੇ ਉਨ੍ਹਾਂ ਦੇ ਘਰ ਤਬਾਹ ਹੋ ਜਾਂਦੇ ਹਨ, ਉਦੋਂ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਸਰਕਾਰਾਂ ਕਰਜ਼ੇ ਦੇ ਬੋਝ ’ਚ ਦੱਬੀਆਂ ਹੋਈਆਂ ਹਨ। ਪਹਾੜੀ ਸੂਬਿਆਂ ਦੀ ਗੱਲ ਕਰੀਏ ਤਾਂ ਸਰਦੀਆਂ ਦੇ ਮੌਸਮ ਵਿਚ ਨੁਕਸਾਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਸਰਕਾਰਾਂ ਦੇ ਸਾਹਮਣੇ ਹਰ ਸਾਲ ਦੇ ਅੰਕੜੇ ਮੌਜੂਦ ਹੁੰਦੇ ਹਨ ਪਰ ਜਦੋਂ ਤੱਕ ਲੋਕਾਂ ਨੂੰ ਤਬਾਹੀ ਨਾਲ ਖਮਿਆਜ਼ਾ ਭੁਗਤਣਾ ਨਹੀਂ ਪੈਂਦਾ, ਉਦੋਂ ਤਕ ਸਰਕਾਰਾਂ ਇਸ ਬਾਰੇ ਸੋਚਦੀਆਂ ਵੀ ਨਹੀਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News