ਨੈਸ਼ਨਲ ਟੈਕਨਾਲੋਜੀ ਡੇਅ 2021: ਜਾਣੋ ਭਾਰਤ ਲਈ ਇਹ ਦਿਨ ਕਿਉਂ ਹੈ ਖ਼ਾਸ
Tuesday, May 11, 2021 - 12:56 PM (IST)
ਗੈਜੇਟ ਡੈਸਕ– ਭਾਰਤ ’ਚ ਹਰ ਸਾਲ 11 ਮਈ ਨੂੰ ਨੈਸ਼ਨਲ ਟੈਕਨਾਲੋਜੀ ਡੇਅ ਮਨਾਇਆ ਜਾਂਦਾ ਹੈ। ਵਿਗਿਆਨ ਅਤੇ ਟੈਕਨਾਲੋਜੀ ਦੇ ਖ਼ੇਤਰ ’ਚ ਭਾਰਤ ਦਾ ਕੀ ਯੋਗਦਾਨ ਹੈ ਅਤੇ ਭਾਰਤ ’ਚ ਇਸ ਖ਼ੇਤਰ ’ਚ ਕੀ-ਕੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਇਸ ਦਾ ਜਸ਼ਨ ਮਨਾਇਆ ਜਾਂਦਾ ਹੈ। ਇਸ ਦਿਨ ਦੇ ਪਿੱਛੇ ਇਕ ਬੇਹੱਦ ਹੀ ਦਿਲਚਸਪ ਇਤਿਹਾਸ ਲੁਕਿਆ ਹੋਇਆ ਹੈ। ਆਓ ਜਾਣਦੇ ਹਾਂ ਕੀ ਹੈ ਨੈਸ਼ਨਲ ਟੈਕਨਾਲੋਜੀ ਡੇਅ ਦਾ ਇਤਿਹਾਸ।
ਨੈਸ਼ਨਲ ਟੈਕਨਾਲੋਜੀ ਡੇਅ ਦਾ ਇਤਿਹਾਸ
11 ਮਈ 1998 ਹੀ ਉਹ ਦਿਨ ਸੀ ਜਦੋਂ ਭਾਰਤ ਨੇ ਸਫ਼ਲ ਪ੍ਰਮਾਣੂ ਪ੍ਰੀਖਣ ਕੀਤਾ ਸੀ। ਇਸ ਤੋਂ ਬਾਅਦ ਹੀ ਨਿਊਕਲੀਅਰ ਹਥਿਆਰਾਂ ਵਾਲੇ ਦੇਸ਼ਾਂ ਦੀ ਸੂਚੀ ’ਚ ਭਾਰਤ ਦਾ ਨਾਂ ਸ਼ਾਮਲ ਹੋਇਆ ਸੀ। ਦੱਸ ਦੇਈਏ ਕਿ ਸਾਲ 1998 ’ਚ ਭਾਰਤ ਨੇ ਰਾਜਸਥਾਨ ਦੇ ਪੋਖਰਣ ’ਚ ਆਪਰੇਸ਼ਨ ਸ਼ਕਤੀ ਤਹਿਤ ਸਫ਼ਲ ਪ੍ਰਮਾਣੂ ਪ੍ਰੀਖਣ ਕੀਤਾ ਸੀ। ਫਿਰ 13 ਮਈ ਨੂੰ ਦੋ ਨਿਊਕਲੀਅਰ ਟੈਸਟ ਕੀਤੇ ਗਏ। ਇਨ੍ਹਾਂ ਪ੍ਰੀਖਣਾਂ ਦੀ ਅਗਵਾਈ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੇ ਕੀਤੀ ਸੀ। ਇਸ ਤੋਂ ਬਾਅਦ 11 ਮਈ 1999 ਨੂੰ ਪਹਿਲੀ ਵਾਰ ਨੈਸ਼ਨਲ ਟੈਕਨਾਲੋਜੀ ਡੇਅ ਮਨਾਇਆ ਗਿਆ ਅਤੇ ਉਦੋਂ ਤੋਂ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦਿਨ ਦਾ ਐਲਾਨ ਦੇਸ਼ ਦੇ ਉਦੋਂ ਦੇ ਪ੍ਰਧਾਨ ਮੰਤਰੀ ਅਲਟ ਬਿਹਾਰੀ ਬਾਜਪੇਈ ਨੇ ਕੀਤਾ ਸੀ ਅਤੇ ਇਸ ਦਿਨ ਨੂੰ ਦੇਸ਼ ਲਈ ਵੱਡੀ ਪ੍ਰਾਪਤੀ ਦੱਸਿਆ ਸੀ।
ਇਸ ਦਿਨ ਤੋਂ ਲੈ ਕੇ ਅੱਜ ਤਕ ਟੈਕਨਾਲੋਜੀ ਡਿਵੈਲਪਮੈਂਟ ਬੋਰਡ ਆਪਣੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਤਕਨੀਕੀ ਖ਼ੇਤਰ ’ਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਅਤੇ ਉਤਸ਼ਾਹਿਤ ਕਰਦਾ ਹੈ। ਜ਼ਿਕਰਯੋਗ ਹੈ ਕ ਪੋਖਰਣ ਦਾ ਸਫ਼ਲ ਪ੍ਰੀਖਣ ਵਿਗਿਆਨੀਆਂ, ਡੀ.ਆਰ.ਡੀ.ਓ. (ਰੱਖਿਆ ਖੋਜ ਅਤੇ ਵਿਕਾਸ ਸੰਗਠਨ), ਬੀ.ਏ.ਆਰ.ਸੀ. (ਭਾਭਾ ਪਰਮਾਣੂ ਖੋਜ ਕੇਂਦਰ) ਅਤੇ ਏ.ਐੱਮ.ਡੀ.ਈ.ਆਰ. (Atomic Minerals Directorate for Exploration and Research) ਨੇ ਮਿਲ ਕੇ ਕੀਤਾ ਸੀ। ਇਹੀ ਉਹ ਕਾਰਨ ਸੀ ਕਿ ਭਾਰਤ ਥਰਮੋਨਿਊਕਲੀਅਰ ਹਥਿਆਰ ਬਣਾ ਸਕਿਓ ਸੀ।
ਸਿਰਫ਼ ਇੰਨਾ ਹੀ ਨਹੀਂ, ਸਗੋਂ ਨੈਸ਼ਨਲ ਟੈਕਨਾਲੋਜੀ ਡੇਅ ਦੇ ਦਿਨ ਹੀ Hansa-1 ਜੋ ਭਾਰਤ ਦਾ ਪਹਿਲਾ ਏਅਰਕ੍ਰਾਫਟ ਸੀ, ਉਡਾਣ ਭਰੀ ਸੀ। ਇਸ ਤੋਂ ਇਲਾਵਾ ਡੀ.ਆਰ.ਡੀ.ਓ. ਨੇ ਤ੍ਰਿਸ਼ੂਲ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਵੀ ਇਸੇ ਦਿਨ ਕੀਤਾ ਸੀ। ਇਹ ਇਕ ਅਜਿਹੀ ਮਿਜ਼ਾਈਲ ਹੈ ਜੋ ਆਪਣੇ ਟਾਰਗੇਟ ’ਤੇ ਤੇਜ਼ੀ ਨਾਲ ਹਮਲਾ ਕਰਦੀ ਹੈ।