ਨੈਸ਼ਨਲ ਹਾਈਵੇ ''ਤੇ ਡਿਵਾਈਡਰ ''ਚ ਜਾ ਵੱਜੀ ਬੱਸ ! ਵਾਲ-ਵਾਲ ਬਚੀ ਵਿਦਿਆਰਥੀਆਂ ਦੀ ਜਾਨ
Sunday, Nov 15, 2026 - 05:47 PM (IST)
ਸੋਲਨ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਪਰਵਾਣੂ ਖੇਤਰ 'ਚ ਚੱਕੀਮੋੜ ਦੇ ਤੰਬੂ ਮੋੜ ਨੇੜੇ ਪਿੰਜੌਰ-ਸ਼ਿਮਲਾ ਨੈਸ਼ਨਲ ਹਾਈਵੇਅ 'ਤੇ ਸ਼ਨੀਵਾਰ ਦੇਰ ਰਾਤ ਇਕ ਬੱਸ ਸੜਕ ਡਿਵਾਈਡਰ ਨਾਲ ਟਕਰਾ ਗਈ, ਜਿਸ 'ਚ 51 ਸਕੂਲੀ ਬੱਚੇ ਵਾਲ-ਵਾਲ ਬਚ ਗਏ। ਪੁਲਸ ਨੇ ਕਿਹਾ ਕਿ ਇਸ ਹਾਦਸੇ 'ਚ ਸਕੂਲ ਦੇ ਤਿੰਨ ਸੀਨੀਅਰ ਅਧਿਕਾਰੀ ਜ਼ਖਮੀ ਹੋ ਗਏ, ਜਦੋਂ ਕਿ ਬੱਚਿਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ।
ਹਰਿਆਣਾ 'ਚ ਪੰਚਕੂਲਾ ਦੇ ਕੋਟ ਸਥਿਤ ਲਿਟੇਰਾ ਹੈਰੀਟੇਜ ਸਕੂਲ ਦੀ ਇਹ ਬੱਸ ਸਿਰਮੌਰ ਜ਼ਿਲ੍ਹੇ ਦੇ ਰਾਜਗੜ੍ਹ ਦੀ ਇਕ ਵਿਦਿਅਕ ਯਾਤਰਾ ਤੋਂ ਵਾਪਸ ਆ ਰਹੀ ਸੀ, ਉਦੋਂ ਰਾਤ 11:10 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਮੁੱਢਲੀਆਂ ਰਿਪੋਰਟਾਂ ਅਨੁਸਾਰ, ਤੇਜ਼ ਰਫ਼ਤਾਰ ਕਾਰਨ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਨੈਸ਼ਨਲ ਹਾਈਵੇਅ 5 'ਤੇ ਡਿਵਾਈਡਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਡਰਾਈਵਰ ਦੀ ਸਾਈਡ ਦੀ ਖਿੜਕੀ ਟੁੱਟ ਗਈ।
ਸ਼ੁਕਰ ਹੈ ਕਿ ਬੱਸ ਪਲਟ ਨਹੀਂ ਸਕੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਜ਼ਖਮੀਆਂ ਦੀ ਪਛਾਣ ਸਕੂਲ ਪ੍ਰਿੰਸੀਪਲ ਅਮਿਤਾ, ਪ੍ਰਧਾਨ ਨਰਿੰਦਰ ਸਿੰਗਲਾ ਅਤੇ ਕੋਆਰਡੀਨੇਟਰ ਮੀਨੂ ਵਜੋਂ ਹੋਈ ਹੈ। ਉਨ੍ਹਾਂ ਨੂੰ ਇਲਾਜ ਲਈ ਨਿੱਜੀ ਵਾਹਨਾਂ ਰਾਹੀਂ ਪੰਚਕੂਲਾ ਦੇ ਇਕ ਹਸਪਤਾਲ ਲਿਜਾਇਆ ਗਿਆ। ਬੱਸ 'ਚ ਸਫ਼ਰ ਕਰ ਰਹੀ ਇਕ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸ਼ਿਲਪਾ ਚੌਹਾਨ ਨੇ ਪਰਵਾਣੂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਆਪਣੀ ਸ਼ਿਕਾਇਤ 'ਚ ਉਸ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਬੱਸ ਡਰਾਈਵਰ ਸਾਹਿਲ ਦੁਆਰਾ ਤੇਜ਼ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਹੋਇਆ। ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ, ਪੁਲਸ ਨੇ ਡਰਾਈਵਰ ਵਿਰੁੱਧ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
