''ਆਪਣੇ-ਆਪਣੇ ਸੂਬੇ ਨੂੰ ਕਰੋ ਨਾਮੀਨੇਟ..!'', ਟੂਰਿਸਟ ਸਪਾਟਸ ਨੂੰ ਪ੍ਰਮੋਟ ਕਰਨ ਲਈ ਕੇਂਦਰੀ ਮੰਤਰੀ ਨੇ ਕਹੀ ਵੱਡੀ ਗੱਲ
Tuesday, Sep 22, 2026 - 02:20 PM (IST)
ਨੈਸ਼ਨਲ ਡੈਸਕ- ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਮੰਗਲਵਾਰ ਨੂੰ ਕਿਹਾ ਕਿ 'ਨੈਸ਼ਨਲ ਫਿਲਮ ਅਵਾਰਡਜ਼' ਸਮਾਰੋਹ ਨੂੰ ਹੁਣ ਸਿਰਫ਼ ਬੰਦ ਕਮਰਿਆਂ ਜਾਂ ਦਿੱਲੀ ਦੇ ਹਾਲਾਂ ਤੱਕ ਸੀਮਤ ਰੱਖਣ ਦੀ ਬਜਾਏ ਦੇਸ਼ ਦੇ ਪ੍ਰਮੁੱਖ ਟੂਰਿਸਟ ਸਪਾਟਾਂ 'ਤੇ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਗੁਜਰਾਤ ਦੇ ਕੇਵੜੀਆ 'ਚ 'ਸਟੈਚੂ ਆਫ਼ ਯੂਨਿਟੀ' ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦਾ ਆਯੋਜਨ ਕਰਨ ਦੀ ਉਦਾਹਰਣ ਦਿੰਦਿਆਂ ਇਹ ਗੱਲ ਕਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੇ ਪਹਿਲੇ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਬਾਰੇ ਇੱਕ ਮਹੱਤਵਪੂਰਨ ਅਪਡੇਟ ਵੀ ਸਾਂਝਾ ਕੀਤਾ।
ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਨਾਲ ਇਹ ਪਹਿਲ ਸ਼ੁਰੂ ਕੀਤੀ ਗਈ ਹੈ। ਸਿਨੇਮਾ ਨਾਲ ਦੇਸ਼ ਦੇ ਪ੍ਰਮੁੱਖ ਕਲਾਕਾਰ, ਨਿਰਦੇਸ਼ਕ, ਕੈਮਰਾਮੈਨ ਅਤੇ ਟੈਕਨੀਸ਼ੀਅਨ ਜੁੜੇ ਹੁੰਦੇ ਹਨ। ਜੇਕਰ ਇਹ ਸਮਾਰੋਹ ਕਿਸੇ ਟੂਰਿਸਟ ਸਪਾਟ 'ਤੇ ਹੁੰਦਾ ਹੈ, ਤਾਂ ਉਸ ਨਾਲ ਉੱਥੋਂ ਦੇ ਟੂਰਿਜ਼ਮ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
ਅਸ਼ਵਿਨੀ ਵੈਸ਼ਣਵ ਨੇ ਦੇਸ਼ ਦੇ ਸਾਰੇ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਸੂਬੇ ਦੇ ਸਭ ਤੋਂ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਨੂੰ ਅਗਲੇ ਨੈਸ਼ਨਲ ਫਿਲਮ ਅਵਾਰਡਜ਼ ਲਈ ਨਾਮਜ਼ਦ ਕਰਨ। ਸੂਬੇ ਇਹ ਵੀ ਦੱਸਣ ਕਿ ਉਹ ਉੱਥੇ ਕੀ ਸੁਧਾਰ ਕਰਨਗੇ। ਜਿਸ ਸੂਬੇ ਦਾ ਟੂਰਿਸਟ ਸਪਾਟ ਚੁਣਿਆ ਜਾਵੇਗਾ, ਅਗਲਾ ਸਮਾਰੋਹ ਉੱਥੇ ਹੀ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਬੁਲੇਟ ਟ੍ਰੇਨ ਪ੍ਰੋਜੈਕਟ ਬਾਰੇ ਵੀ ਵੱਡੀ ਅਪਡੇਟ ਸਾਂਝੀ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੇ ਪਹਿਲੇ ਸੈਕਸ਼ਨ (ਸੂਰਤ ਤੋਂ ਵਾਪੀ) ਦਾ ਇਸ ਸਾਲ ਦਸੰਬਰ (2026) ਤੱਕ ਨਿਰਮਾਣ ਕੰਮ ਮੁਕੰਮਲ ਹੋ ਜਾਵੇਗਾ। ਅਗਲੇ ਸਾਲ ਅਪ੍ਰੈਲ ਜਾਂ ਮਈ ਤੱਕ ਪੂਰੀ ਤਰ੍ਹਾਂ ਭਾਰਤ 'ਚ ਬਣੀ ਬੁਲੇਟ ਟ੍ਰੇਨ ਨੂੰ ਟ੍ਰੈਕ 'ਤੇ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਉਸ ਦਾ ਬਹੁਤ ਬਾਰੀਕੀ ਨਾਲ ਵਿਆਪਕ ਟੈਸਟਿੰਗ ਕੀਤੀ ਜਾਵੇਗੀ। ਟ੍ਰੇਨ ਦੀ ਮਜ਼ਬੂਤ ਬਾਡੀ ਲਈ 'ਸਕੁਈਜ਼ ਟੈਸਟ' ਚੱਲ ਰਿਹਾ ਹੈ। ਬੋਗੀ, ਕਾਰ ਬਾਡੀ, ਪ੍ਰੋਪਲਸ਼ਨ ਸਿਸਟਮ, ਇਲੈਕਟ੍ਰਾਨਿਕਸ, ਵੀਲ੍ਹਜ਼ ਅਤੇ ਓਵਰਹੈੱਡ ਬਜਲੀ ਸਿਸਟਮ (ਪੈਂਟੋਗ੍ਰਾਫ਼) ਦਾ ਇੰਟੀਗ੍ਰੇਸ਼ਨ ਲਗਭਗ ਤਿਆਰ ਹੈ।
ਇਸ ਤੋਂ ਇਲਾਵਾ ਬਾਂਦਰਾ-ਕੁਰਲਾ ਕੰਪਲੈਕਸ (BKC) ਤੋਂ ਠਾਣੇ ਵਿਚਕਾਰ ਬਣ ਰਹੀ ਅੰਡਰ-ਸੀ ਸੁਰੰਗ ਅਤੇ ਹੋਰ ਪੁਲਾਂ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਚੱਲ ਰਹਾ ਹੈ। ਰੇਲ ਮੰਤਰੀ ਨੇ ਕਿਹਾ ਕਿ ਕੋਵਿਡ-19 ਦੀਆਂ ਚੁਣੌਤੀਆਂ ਅਤੇ ਬੇਹੱਦ ਕੰਪਲੈਕਸ ਡਿਜ਼ਾਈਨ ਦੇ ਬਾਵਜੂਦ 2021 ਤੋਂ ਲੈ ਕੇ ਹੁਣ ਤੱਕ ਬਹੁਤ ਤੇਜ਼ੀ ਨਾਲ ਕੰਮ ਹੋਇਆ ਹੈ।
