ਬੀਬੀਆਂ ਦੇ ਰਾਸ਼ਟਰੀ ਕਮਿਸ਼ਨ ਨੇ ਪ੍ਰਿਯੰਕਾ ਗਾਂਧੀ ਨਾਲ ਧੱਕਾ-ਮੁੱਕੀ ਨੂੰ ਲੈ ਕੇ UP ਪੁਲਸ ਤੋਂ ਮੰਗਿਆ ਜਵਾਬ
Monday, Oct 05, 2020 - 04:13 PM (IST)
ਨਵੀਂ ਦਿੱਲੀ- ਬੀਬੀਆਂ ਦੇ ਰਾਸ਼ਟਰੀ ਕਮਿਸ਼ਨ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਧੱਕਾ-ਮੁੱਕੀ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਸ ਤੋਂ ਜਵਾਬ ਮੰਗਿਆ ਹੈ। ਬੀਬੀਆਂ ਦੇ ਕਮਿਸ਼ਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਅਸੰਵੇਦਨਸ਼ੀਲ ਰਵੱਈਆ ਪੂਰੀ ਤਰ੍ਹਾਂ ਨਾਲ ਨਾਮਨਜ਼ੂਰ ਹੈ। ਕਮਿਸ਼ਨ ਨੇ ਟਵੀਟ ਕੀਤਾ,''ਰਾਸ਼ਟਰੀ ਮਹਿਲਾ ਕਮਿਸ਼ਨ ਪ੍ਰਿਯੰਕਾ ਗਾਂਧੀ ਦੇ ਹਾਥਰਸ ਜਾਂਦੇ ਸਮੇਂ ਪੁਲਸ ਵਲੋਂ ਉਨ੍ਹਾਂ ਨਾਲ ਕੀਤੀ ਗਈ ਧੱਕਾ-ਮੁੱਕੀ ਦੀ ਨਿੰਦਾ ਕਰਦਾ ਹੈ। ਇਸ ਤਰ੍ਹਾਂ ਦਾ ਅਸੰਵੇਦਨਸ਼ੀਲ ਰਵੱਈਆ ਪੂਰੀ ਤਰ੍ਹਾਂ ਨਾਮਨਜ਼ੂਰ ਹੈ।''
ਉਸ ਨੇ ਕਿਹਾ,''ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਉੱਤਰ ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ ਤੋਂ ਜਲਦ ਤੋਂ ਜਲਦ ਜਵਾਬ ਮੰਗਿਆ ਹੈ।'' ਕਮਿਸ਼ਨ ਅਨੁਸਾਰ, ਚਿੱਠੀ ਦੀ ਇਕ ਕਾਪੀ ਗੌਤਮਬੁੱਧ ਨਗਰ ਦੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਡਿਪਟੀ ਕਮਿਸ਼ਨ ਨੂੰ ਭੇਜੀ ਗਈ ਹੈ।
ਦੱਸਣਯੋਗ ਹੈ ਕਿ ਪ੍ਰਿਯੰਕਾ ਗਾਂਧੀ ਕਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਨਾਲ ਸ਼ਨੀਵਾਰ ਦੁਪਹਿਰ ਉਸ ਦਲਿਤ ਕੁੜੀ ਦੇ ਪਰਿਵਾਰ ਨੂੰ ਮਿਲਣ ਹਾਥਰਸ ਜਾ ਰਹੀ ਸੀ, ਜਿਸ ਦੀ ਸਮੂਹਕ ਜਬਰ ਜ਼ਿਨਾਹ ਅਤੇ ਹਮਲੇ ਤੋਂ ਬਾਅਦ ਮੌਤ ਹੋ ਗਈ ਸੀ। ਪ੍ਰਿਯੰਕਾ ਜਦੋਂ ਉੱਥੇ ਜਾ ਰਹੀ ਸੀ ਤਾਂ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ 'ਤੇ ਕਾਂਗਰਸ ਵਰਕਰਾਂ ਦੀ ਪੁਲਸ ਨਾਲ ਝੜਪ ਹੋ ਗਈ। ਇਸ ਦੌਰਾਨ ਹੈਲਮੇਟ ਪਹਿਨੇ ਇਕ ਪੁਲਸ ਕਰਮੀ ਨੇ ਡੀ.ਐੱਨ.ਡੀ. ਟੋਲ ਪਲਾਜ਼ਾ 'ਤੇ ਪ੍ਰਿਯੰਕਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਪੁਲਸ ਕਰਮੀ ਨੇ ਕਾਂਗਰਸ ਜਨਰਲ ਸਕੱਤਰ ਦੇ ਕੱਪੜੇ ਪਾੜ ਕੇ ਉਨ੍ਹਾਂ ਨੂੰ ਰੋਕਿਆ।