ਮਹੰਤ ਗਿਰੀ ਦੀ ਮੌਤ ਦੇ ਮਾਮਲੇ ਦੀ ਹੋਵੇ ਸੀ. ਬੀ. ਆਈ. ਜਾਂਚ : ਸੰਜੇ ਰਾਊਤ
Tuesday, Sep 21, 2021 - 02:25 PM (IST)
ਨਵੀਂ ਦਿੱਲੀ (ਭਾਸ਼ਾ)— ਮਹੰਤ ਨਰਿੰਦਰ ਗਿਰੀ ਦੀ ਮੌਤ ਦੇ ਮਾਮਲੇ ਵਿਚ ਭਾਜਪਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਹਿੰਦੂਤੱਵ ਦਾ ਗਲਾ ਘੁੱਟ ਦਿੱਤਾ ਗਿਆ ਹੈ। ਉਨ੍ਹਾਂ ਨੇ ਸੰਤ ਦੀ ਰਹੱਸਮਈ ਹਲਾਤਾਂ ’ਚ ਹੋਈ ਮੌਤ ਦੀ ਸੀ. ਬੀ. ਆਈ. ਜਾਂਚ ਕਰਾਉਣ ਦੀ ਮੰਗ ਵੀ ਕੀਤੀ। ਪ੍ਰਭਾਵਸ਼ਾਲੀ ਹਿੰਦੂ ਸੰਤ ਮਹੰਤ ਨਰਿੰਦਰ ਗਿਰੀ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਸਥਿਤ ਮੱਠ ਵਿਚ ਮਿ੍ਰਤਕ ਮਿਲੇ ਸਨ। ਉਹ ਭਾਰਤ ਵਿਚ ਸਾਧੂਆਂ ਦੇ ਸਭ ਤੋਂ ਵੱਡੇ ਸੰਗਠਨ ਅਖਿਲ ਭਾਰਤੀ ਅਖਾੜਾ ਪਰੀਸ਼ਦ ਦੇ ਪ੍ਰਧਾਨ ਸਨ। ਪੁਲਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ 7-8 ਪੰਨਿਆਂ ਦਾ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ’ਚ ਸੰਤ ਨੇ ਲਿਖਿਆ ਸੀ ਕਿ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਹਨ, ਇਸ ਲਈ ਖ਼ੁਦਕੁਸ਼ੀ ਕਰ ਰਹੇ ਹਨ। ਪੁਲਸ ਮੁਤਾਬਕ ਸੰਤ ਨੇ ਲਿਖਿਆ ਕਿ ਉਹ ਆਪਣੇ ਇਕ ਚੇਲੇ ਤੋਂ ਪਰੇਸ਼ਾਨ ਸਨ।
ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਤ ਦੀ ਮੌਤ ਦਾ ਕਾਰਨ ਖ਼ੁਦਕੁਸ਼ੀ ਦੱਸਿਆ ਜਾ ਰਿਹਾ ਹੈ ਪਰ ਉਨ੍ਹਾਂ ਦੇ ਚੇਲਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਰਾਊਤ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਕਿਸੇ ਨੇ ਹਿੰਦੂਤੱਵ ਦਾ ਗਲਾ ਘੁੱਟ ਦਿੱਤਾ ਹੈ। ਜਿਸ ਤਰ੍ਹਾਂ ਅਸੀਂ (ਮਹਾਰਾਸ਼ਟਰ ਵਿਚ ਮਹਾਵਿਕਾਸ ਆਘਾੜੀ ਅਗਵਾਈ ਵਾਲੀ ਸਰਕਾਰ ਨੇ) ਪਾਲਘਰ ਵਿਚ ਜਾਂਚ ਕੀਤੀ ਸੀ, ਉਸ ਤਰ੍ਹਾਂ ਇਸ ਮਾਮਲੇ ਵਿਚ ਸੰਤ ਦੀ ਮੌਤ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਅਪ੍ਰੈਲ 2020 ’ਚ ਪਾਲਘਰ ’ਚ ਦੋ ਸਾਧੂਆਂ ਅਤੇ ਉਨ੍ਹਾਂ ਦੇ ਡਰਾਈਵਰ ਦੀ ਭੀੜ ਦੇ ਹੱਥੋਂ ਜਾਨ ਜਾਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਰਾਊਤ ਨੇ ਕਿਹਾ ਕਿ ਉਸ ਸਮੇਂ ਭਾਜਪਾ ਨੇ ਕਿਹਾ ਸੀ ਕਿ ਹਿੰਦੂਤੱਵ ’ਤੇ ਹਮਲਾ ਕੀਤਾ ਗਿਆ ਹੈ।