PM ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਕੋਰੋਨਾ ਦਾ ਭਿਆਨਕ ਮੰਜ਼ਰ, ਇਕੱਠੇ ਬਲ਼ ਰਹੀਆਂ ਹਨ ਦਰਜਨਾਂ ਚਿਖ਼ਾਵਾਂ
Friday, Apr 16, 2021 - 02:51 PM (IST)
ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਭਿਆਨਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਹਰ ਘਰ 'ਚ ਲੋਕ ਇਸ ਨਾਲ ਜੂਝਦੇ ਨਜ਼ਰ ਆ ਰਹੇ ਹਨ। ਇਕ ਹੀ ਘਰ 'ਚ 2-2, 3-3 ਲੋਕਾਂ ਦੀ ਮੌਤ ਹੋ ਰਹੀ ਹੈ, ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਹੈ ਕਿ ਆਖ਼ਰ ਕੀ ਹੋਵੇਗਾ। ਵਾਰਾਣਸੀ ਦੇ ਹਰਿਸ਼ਚੰਦਰ ਘਾਟ 'ਤੇ ਸਵੇਰ ਤੋਂ ਲਾਸ਼ਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਦਰਜਨਾਂ ਚਿਖਾਵਾਂ ਇਕੱਠੇ ਬਾਲੀਆਂ ਜਾ ਰਹੀਆਂ ਹਨ ਤਾਂ ਦਰਜਨਾਂ ਲਾਸ਼ਾਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਹਨ।
ਹਰਿਸ਼ਚੰਦਰ ਘਾਟ 'ਤੇ ਲਾਸ਼ਾਂ ਸਾੜਨ ਦੇ 2 ਤਰੀਕੇ ਹਨ। ਇਕ ਬਿਜਲੀ ਨਾਲ ਅਤੇ ਦੂਜਾ ਲੱਕੜ ਨਾਲ ਪਰ ਇਨ੍ਹਾਂ ਦੋਹਾਂ ਥਾਂਵਾਂ 'ਤੇ ਲਾਸ਼ਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਕ ਲਾਸ਼ ਸਾੜਨ ਲਈ ਘੱਟੋ-ਘੱਟ 7 ਤੋਂ 8 ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਥਿਤੀ ਇਸ ਕਦਰ ਭਿਆਨਕ ਹੁੰਦੀ ਜਾ ਰਹੀ ਹੈ ਕਿ ਲਾਸ਼ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਸਾੜਨ ਦਾ ਠੇਕਾ ਦੇ ਕੇ ਘਰ ਵਾਪਸ ਚੱਲੇ ਜਾਂਦੇ ਹਨ। ਸ਼ਮਸ਼ਾਨ ਘਾਟ 'ਤੇ ਲਾਸ਼ ਸਾੜਨ ਲਈ ਲੱਕੜਾਂ ਵੀ ਘੱਟ ਪੈਣ ਲੱਗੀਆਂ ਹਨ।
ਵਾਰਾਣਸੀ ਦੇ ਮਣੀਕਰਣੀਕਾ ਘਾਟ ਦਾ ਵੀ ਇਹੀ ਹਾਲ ਹੈ। ਉੱਥੇ ਵੀ ਲਾਸ਼ਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਦੱਸਣਯੋਗ ਹੈ ਕਿ ਵੀਰਵਾਰ ਨੂੰ ਉੱਤਰ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 22439 ਨਵੇਂ ਲੋਕਾਂ 'ਚ ਕੋਵਿਡ-19 ਇਨਫੈਕਸ਼ਨ ਦੀ ਪੁਸ਼ਟੀ ਹੋਈ, ਜੋ ਕਿ ਹੁਣ ਤੱਕ ਇਕ ਦਿਨ 'ਚ ਸਾਹਮਣੇ ਆਏ ਸਭ ਤੋਂ ਵੱਧ ਮਾਮਲੇ ਹਨ।