ਨਰੇਸ਼ ਗੁਜਰਾਲ ਦੀ ਨਰਿੰਦਰ ਮੋਦੀ ਨੂੰ ਇਹ ਨੇਕ ਸਲਾਹ

05/28/2019 6:35:24 PM

ਨਵੀਂ ਦਿੱਲੀ— ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨੇਤਾ ਨਰੇਸ਼ ਗੁਜਰਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ 2019 'ਚ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਲਈ ਇਹ ਜਿੱਤ ਇਕ ਖਾਸ ਪਲ ਵਾਂਗ ਹੈ। ਉਨ੍ਹਾਂ ਨੇ ਇਸ ਲਈ ਕੁਝ ਢੁਕਵੇਂ ਆਰਥਿਕ ਸੁਧਾਰਾਂ ਦੀ ਵਰਤੋਂ ਕੀਤੀ ਸੀ, ਜੋ ਕਿ ਲੰਬੇ ਸਮੇਂ ਤਕ ਲਾਭਕਾਰੀ ਸਾਬਤ ਹੋਣਗੇ। ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਨਰਿੰਦਰ ਮੋਦੀ ਕੋਲ ਗਠਜੋੜ ਦਾ ਕੋਈ ਦਬਾਅ ਨਹੀਂ ਹੈ ਅਤੇ ਉਹ ਭਾਜਪਾ 'ਚ ਸਭ ਤੋਂ ਉੱਪਰ ਹਨ। ਉਨ੍ਹਾਂ ਨੇ ਮੋਦੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਦੋ ਫਾਇਦੇ ਉਨ੍ਹਾਂ ਨੂੰ ਖੇਤੀ ਖੇਤਰ, ਉਦਯੋਗ ਦੇ ਨਾਲ-ਨਾਲ ਲੇਬਰ ਸੁਧਾਰਾਂ 'ਚ ਸੁਧਾਰ ਲਿਆਉਣ ਦੀ ਸ਼ਕਤੀ ਦਿੰਦੇ ਹਨ।

ਨਰੇਸ਼ ਗੁਜਰਾਲ ਨੇ ਅੱਗੇ ਕਿਹਾ ਕਿ ਮੋਦੀ ਨੂੰ 2019 ਦੀਆਂ ਚੋਣਾਂ 'ਚ ਭਾਰੀ ਬਹੁਮਤ ਮਿਲਿਆ ਹੈ, ਕਿਉਂਕਿ ਲੋਕ ਉਨ੍ਹਾਂ 'ਤੇ ਭਰੋਸਾ ਕਰਦੇ ਹਨ। ਹੁਣ ਮੋਦੀ ਨੂੰ ਵੀ ਚਾਹੀਦਾ ਹੈ ਕਿ ਉਹ ਭਵਿੱਖ ਵਿਚ ਸੁਧਾਰ ਕਰਨ ਜੋ ਕਿ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੀ ਸੀ ਤਾਂ ਉਸ ਨੇ ਕਈ ਸੁਧਾਰ ਕੀਤੇ ਸਨ। ਉਸ ਨੇ ਮਜ਼ਦੂਰ ਯੂਨੀਅਨਾਂ ਦੇ ਸੁਧਾਰਾਂ ਨੂੰ ਪਹਿਲ ਦੇ ਆਧਾਰ 'ਤੇ ਤਰਜੀਹ ਦਿੱਤੀ, ਜਿਸ ਕਾਰਨ ਬ੍ਰਿਟੇਨ ਹੋਰ ਮੁਕਾਬਲੇਬਾਜ਼ ਬਣਿਆ।

ਗੁਜਰਾਲ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਸੁਧਾਰਾਂ 'ਚ ਕਿਸਾਨਾਂ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਪ੍ਰਦਾਨ ਕਰਨਾ, ਜੋ ਕਿ ਸਵਾਮੀਨਾਥਨ ਪੈਨਲ ਦੀ ਸਿਫਾਰਿਸ਼ ਦਾ ਹਿੱਸਾ ਹੈ। ਆਰਥਿਕ ਧੋਖਾਧੜੀ ਦੇ ਮਾਮਲਿਆਂ ਵਿਚ ਤੁਰੰਤ ਨਿਆਂ ਲਈ ਨਿਆਂਇਕ ਸੁਧਾਰ ਕੀਤੇ ਜਾਣ। ਗੁਜਰਾਲ ਨੇ ਕਿਹਾ ਕਿ ਇਹ ਸਖਤ ਫੈਸਲੇ ਹਨ, ਜੋ ਸਰਕਾਰ ਨੂੰ ਆਪਣੇ ਕਾਰਜਕਾਲ ਦੌਰਾਨ ਕਰਨੇ ਚਾਹੀਦੇ ਹਨ। ਅਰਥਵਿਵਸਥਾ ਨੂੰ ਬਦਲਣ ਲਈ ਭਾਰਤ ਨੂੰ ਇਕ ਵਿਨਿਰਮਾਣ ਕੇਂਦਰ ਬਣਾਉਣਾ ਅਤੇ ਰੋਜ਼ਗਾਰ ਪੈਦਾ ਕਰਨਾ, ਇਹ ਕਦਮ ਚੁੱਕੇ ਜਾਣੇ ਚਾਹੀਦੇ ਹਨ। ਗੁਜਰਾਲ ਨੇ ਕਿਹਾ ਕਿ ਮੋਦੀ ਸਰਕਾਰ ਕਾਰੋਬਾਰ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਫਿਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੇਬਰ (ਕਿਰਤ) ਸੁਧਾਰ ਵੀ ਇਸ ਦਾ ਇਕ ਅਹਿਮ ਹਿੱਸਾ ਹੈ। ਨਰੇਸ਼ ਗੁਜਰਾਲ ਨੇ ਅੱਗੇ ਕਿਹਾ ਕਿ ਧੋਖਾਧੜੀ ਦੇ ਜ਼ਰੀਏ ਬੈਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਸਾਲਾਂ ਤਕ ਜਾਂਚ ਜਾਰੀ ਹੈ। ਇਸ ਦੀ ਜਾਂਚ ਲਈ ਕੈਡਰ ਬਣਾਇਆ ਜਾਣਾ ਚਾਹੀਦਾ ਹੈ, ਤਾਂ ਕਿ ਸੀ. ਬੀ. ਆਈ. ਇਨ੍ਹਾਂ ਸਾਰਿਆਂ ਦੀ ਜਾਂਚ ਕਰ ਸਕੇ।
 


Tanu

Content Editor

Related News