ਲੋਕਾਂ ਦੇ ਮਨ ਦੀ ਥਾਹ ਲੈਣ ’ਚ ਜੁਟੇ ਮੋਦੀ ਸਰਕਾਰ ਦੇ ਮੰਤਰੀ

09/08/2021 10:35:47 AM

ਨਵੀਂ ਦਿੱਲੀ- ਮੋਦੀ ਸਰਕਾਰ ਦੇ ਮੰਤਰੀ ਅੱਜਕਲ ਆਮ ਆਦਮੀ ਵਿਚਾਲੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਦੇ ਨਿਰਦੇਸ਼ ’ਤੇ ਮੰਤਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਉਨ੍ਹਾਂ ਦੇ ਮਨ ਦੀ ਥਾਹ ਲੈਣ ਲਈ ਉਨ੍ਹਾਂ ਵਿਚਾਲੇ ਪਹੁੰਚ ਰਹੇ ਹਨ। ਇਸ ਦੀ ਸ਼ੁਰੂਆਤ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕੀਤੀ। ਉਸ ਤੋਂ ਬਾਅਦ ਕੱਲ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਤੇ ਮੁਖਤਾਰ ਅੱਬਾਸ ਨਕਵੀ ਮੁੰਬਈ ’ਚ ਆਮ ਵਿਅਕਤੀ ਵਾਂਗ ਇਕ ਆਮ ਹੋਟਲ ’ਚ ਡੋਸਾ ਖਾਂਦੇ ਨਜ਼ਰ ਆਏ। ਮੁੰਬਈ ਦੇ ਇਕ ਆਮ ਜਿਹੇ ਰੈਸਟੋਰੈਂਟ ’ਚ ਬੈਠ ਕੇ ਆਰਾਮ ਨਾਲ ਡੋਸਾ ਖਾ ਰਹੇ ਇਨ੍ਹਾਂ ਲੋਕਾਂ ਨੂੰ ਦੇਖ ਕੇ ਇਹ ਯਕੀਨ ਕਰਨਾ ਮੁਸ਼ਕਿਲ ਸੀ ਕਿ ਇਹ ਦੋਵੇਂ ਦੇਸ਼ ਦੇ ਵੱਡੇ ਕੇਂਦਰੀ ਮੰਤਰੀ ਹਨ। ਅਸਲ ’ਚ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਅਤੇ ਘੱਟ-ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਅਧਿਕਾਰਕ ਪ੍ਰੋਗਰਾਮ ਦੇ ਸਬੰਧ ’ਚ ਮੁੰਬਈ ਗਏ ਸਨ, ਜਿਥੇ ਫੁਰਸਤ ਦੇ ਪਲਾਂ ’ਚ ਦੋਵੇਂ ਪੇਟ-ਪੂਜਾ ਕਰਨ ਰੈਸਟੋਰੈਂਟ ਜਾ ਪਹੁੰਚੇ।

ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਮੰਤਰੀਆਂ ਨੂੰ ਜਨਤਾ ਵਿਚਾਲੇ ਜਾ ਕੇ ਉਨ੍ਹਾਂ ਦੇ ਮਨ ਦੀ ਗੱਲ ਸਮਝਣ ਦੀ ਹਦਾਇਤ ਦਿੱਤੀ ਹੈ, ਜਿਸ ਦੀ ਪਾਲਣਾ ’ਚ ਮੰਤਰੀ ਇਸ ਤਰ੍ਹਾਂ ਆਮ ਲੋਕਾਂ ਵਿਚਾਲੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੀ ਇਕ ਆਮ ਆਦਮੀ ਵਾਂਗ ਕੇਂਦਰ ਸਰਕਾਰ ਦੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਸੀ. ਜੀ. ਐੱਚ. ਐੱਸ. ਡਿਸਪੈਂਸਰੀ ਪਹੁੰਚ ਗਏ ਸਨ, ਜਿਥੇ ਉਨ੍ਹਾਂ ਨੇ ਆਪਣੀ ਨਕਲੀ ਪਛਾਣ ਦੱਸ ਕੇ ਆਪਣੀਆਂ ਪ੍ਰੇਸ਼ਾਨੀਆਂ ਡਾਕਟਰ ਨੂੰ ਦੱਸੀਆਂ ਤੇ ਇਲਾਜ ਕਰਵਾਇਆ।

ਇਸ ਤੋਂ ਬਾਅਦ ਡਾਕਟਰ ਦੇ ਚੰਗੇ ਰਵੱਈਏ ਤੇ ਫਰਜ਼ ਪਾਲਣ ਲਈ ਮੰਤਰਾਲਾ ਸੱਦ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਸੀ। ਸਮ੍ਰਿਤੀ ਈਰਾਨੀ ਇਸ ਤੋਂ ਪਹਿਲਾਂ ਆਪਣੇ ਸੰਸਦੀ ਹਲਕੇ ਅਮੇਠੀ ’ਚ ਲੱਸੀ ਪੀਂਦੀ ਨਜ਼ਰ ਆ ਚੁੱਕੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਲਗਾਤਾਰ ਤੀਸਰੇ ਦਰਜੇ ’ਚ ਯਾਤਰਾ ਕਰਕੇ ਫੀਡਬੈਕ ਲੈ ਰਹੇ ਹਨ।

ਮੋਦੀ ਸਰਕਾਰ ਦੇ ਮੰਤਰੀਆਂ ਦੇ ਬਦਲੇ ਰਵੱਈਏ ਨੂੰ ਆਉਂਦੀਆਂ ਚੋਣਾਂ ਤੋਂ ਪਹਿਲਾਂ ਜਨਤਾ ਦੇ ਮਨ ਦੀ ਥਾਹ ਲੈਣ ਤੇ ਖੁਦ ਨੂੰ ਉਸ ਦੀ ਜ਼ਿੰਦਗੀ ’ਚ ਸ਼ਾਮਲ ਦਿਖਾਉਣ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪਹਿਲੇ ਸੰਬੋਧਨ ’ਚ ਸਾਰੇ ਮੰਤਰੀਆਂ ਨੂੰ ਜਦ ਚਾਹ ’ਤੇ ਸੱਦਿਆ ਸੀ, ਉਦੋਂ ਜਨਤਾ ਵਿਚਾਲੇ ਜਾਣ ਦੀ ਸਲਾਹ ਦਿੱਤੀ ਸੀ। ਕੈਬਨਿਟ ਪੱਧਰ ਦੇ ਕਈ ਮੰਤਰੀਆਂ ਲਈ ਅਜਿਹਾ ਕਰਨਾ ਸੰਭਵ ਨਹੀਂ ਹੈ ਪਰ ਫਿਰ ਵੀ ਕਾਫੀ ਮੰਤਰੀ ਖਾਸ ਤੌਰ ’ਤੇ ਜੋ ਨੌਜਵਾਨ ਹਨ ਅਤੇ ਰਾਜ ਮੰਤਰੀ ਦੇ ਪੱਧਰ ’ਤੇ ਹਨ, ਉਹ ਅਜਿਹਾ ਹੀ ਕਰ ਰਹੇ ਹਨ।


Tanu

Content Editor

Related News