ਮੋਦੀ ਨੂੰ ਦੇਵਾਂਗੇ ਮਿੱਟੀ-ਕੰਕੜ ਵਾਲਾ ਲੱਡੂ, ਟੁੱਟ ਜਾਣਗੇ ਦੰਦ : ਮਮਤਾ ਬੈਨਰਜੀ
Friday, Apr 26, 2019 - 05:34 PM (IST)

ਪੱਛਮੀ ਬੰਗਾਲ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਪੂਰਨ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ,''ਮੋਦੀ ਪਹਿਲਾਂ ਬੰਗਾਲ ਨਹੀਂ ਆਏ। ਹੁਣ ਚੋਣਾਂ 'ਚ ਉਨ੍ਹਾਂ ਨੂੰ ਬੰਗਾਲ ਤੋਂ ਵੋਟ ਚਾਹੀਦੀ ਹੈ। ਅਸੀਂ ਮੋਦੀ ਨੂੰ ਬੰਗਾਲ ਦਾ ਰਸਗੁੱਲਾ ਦੇਵਾਂਗੇ। ਅਸੀਂ ਮਿੱਟੀ ਨਾਲ ਮਠਿਆਈਆਂ ਬਣਾਵਾਂਗੇ ਅਤੇ ਉਸ 'ਚ ਕੰਕੜ ਪਾਵਾਂਗੇ, ਜਿਵੇਂ ਲੱਡੂ 'ਚ ਕਾਜੂ ਅਤੇ ਕਿਸ਼ਮਿਸ਼ ਇਸਤੇਮਾਲ ਹੁੰਦਾ ਹੈ। ਇਸ ਨਾਲ ਦੰਦ ਟੁੱਟ ਜਾਣਗੇ।'' ਮਮਤਾ ਨੇ ਇਹ ਗੱਲ ਆਸਸਨੋਲ 'ਚ ਕਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲਮ ਅਭਿਨੇਤਾ ਅਕਸ਼ੇ ਕੁਮਾਰ ਨਾਲ ਆਪਣੇ ਗੈਰ-ਸਿਆਸੀ ਇੰਟਰਵਿਊ 'ਚ ਕਿਹਾ ਸੀ ਕਿ ਮਮਤਾ ਦੀਦੀ ਉਨ੍ਹਾਂ ਨੂੰ ਸਾਲ 'ਚ ਇਕ-2 ਕੁੜਤੇ ਭੇਜਦੀ ਹੈ।
ਇਸ 'ਤੇ ਮਮਤਾ ਨੇ ਕਿਹਾ ਸੀ ਕਿ ਉਹ ਪੀ.ਐੱਮ. ਮੋਦੀ ਨੂੰ ਕੁੜਤੇ ਤੋਹਫੇ ਦੇ ਤੌਰ 'ਤੇ ਭੇਜਦੀ ਹੈ। ਇਹ ਰਾਜਨੀਤੀ ਤੋਂ ਵੱਖ ਹੈ। ਮਮਤਾ ਨੇ ਬਿਰਭੂਮੀ ਜ਼ਿਲੇ 'ਚ ਵੀਰਵਾਰ ਨੂੰ ਆਪਣੀ ਚੋਣਾਵੀ ਰੈਲੀ 'ਚ ਕਿਹਾ ਸੀ ਕਿ ਮੋਦੀ ਬਾਬੂ ਕਹਿੰਦੇ ਹਨ ਕਿ ਮੈਂ ਤੋਹਫੇ ਦੇ ਤੌਰ 'ਤੇ ਉਨ੍ਹਾਂ ਨੂੰ ਕੁੜਤੇ ਭੇਜਦੀ ਹਾਂ, ਮੈਂ ਪੁੱਛਦੀ ਹਾਂ ਕਿ ਇਸ 'ਚ ਕੀ ਗਲਤ ਹੈ। ਮੈਂ ਸਿਰਫ ਮੋਦੀ ਨੂੰ ਹੀ ਤੋਹਫੇ ਨਹੀਂ ਭੇਜਦੀ ਸਗੋਂ ਕਈ ਦੂਜੇ ਲੋਕਾਂ ਨੂੰ ਵੀ ਤੋਹਫੇ ਭੇਜਦੀ ਹਾਂ ਪਰ ਅਸੀਂ ਇਸ ਬਾਰੇ ਗੱਲ ਨਹੀਂ ਕਰਦੇ ਹਾਂ ਕਿਉਂਕਿ ਇਹ ਸਾਡੀ ਸੰਸਕ੍ਰਿਤੀ ਨਹੀਂ ਹੈ, ਇਹ ਸਾਡਾ ਸ਼ਿਸ਼ਟਾਚਾਰ ਹੈ। ਮਮਤਾ ਬੈਨਰਜੀ ਦਾ ਕਹਿਣਾ ਸੀ ਕਿ ਮੋਦੀ ਇਸ ਟਿੱਪਣੀ ਰਾਹੀਂ ਆਪਣੀ ਅਕਸ ਮੇਕਓਵਰ ਕਰ ਰਹੇ ਹਨ। ਹੁਣ ਮਮਤਾ ਨੇ ਫਿਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਉਨ੍ਹਾਂ ਨੂੰ ਅਜਿਹੀ ਮਠਿਆਈ ਦੇਵੇਗੀ, ਜਿਸ ਨਾਲ ਉਨ੍ਹਾਂ ਦੇ ਦੰਦ ਟੁੱਟ ਜਾਣਗੇ।