ਅੱਜ ਰੱਖਿਆ ਜਾਵੇਗਾ ਰਾਮ ਮੰਦਰ ਦਾ ਨੀਂਹ ਪੱਥਰ, ਪੀ. ਐੱਮ. ਮੋਦੀ ਅਯੁੱਧਿਆ ਰਵਾਨਾ
Wednesday, Aug 05, 2020 - 10:06 AM (IST)

ਨੈਸ਼ਨਲ ਡੈਸਕ— ਆਸਥਾ ਅਤੇ ਉਤਸ਼ਾਹ ਨਾਲ ਭਰਪੂਰ ਰਾਮ ਭਗਤਾਂ ਦਾ ਸਦੀਆਂ ਪੁਰਾਣਾ ਸੁਫ਼ਨਾ ਅੱਜ ਸਾਕਾਰ ਹੋਣ ਜਾ ਰਿਹਾ ਹੈ। ਰਾਮ ਮੰਦਰ ਦੇ ਭੂਮੀ ਪੂਜਨ ਲਈ ਅਯੁੱਧਿਆ ਤਿਆਰ ਹੈ। ਅਯੁੱਧਿਆ 'ਚ ਅੱਜ ਇਤਿਹਾਸ ਰਚਿਆ ਜਾਵੇਗਾ। ਰਾਮ ਮੰਦਰ ਦਾ ਭੂਮੀ ਪੂਜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੋਂ ਅਯੁੱਧਿਆ ਲਈ ਰਵਾਨਾ ਹੋ ਗਏ ਹਨ। ਕਰੀਬ ਸਾਢੇ 11 ਵਜੇ ਮੋਦੀ ਅਯੁੱਧਿਆ ਪਹੁੰਚਣਗੇ। ਕਰੀਬ 500 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਦੇਸ਼ ਦੁਨੀਆ ਦੇ ਕਰੋੜਾਂ ਰਾਮ ਭਗਤਾਂ ਦਾ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਸ਼ੁਰੂ ਹੋਣ ਦਾ ਸੁਫ਼ਨਾ ਪੂਰਾ ਹੋਣ ਵਾਲਾ ਹੈ। ਵੈਦਿਕ ਮੰਤਰ ਉੱਚਾਰਨ ਦਰਮਿਆਨ ਰਾਮ ਜਨਮ ਭੂਮੀ ਨਾਲ ਹੀ ਮੰਦਰ ਦਾ ਨੀਂਹ ਪੱਥਰ ਮੋਦੀ ਰੱਖਣਗੇ। ਇਸ ਦਰਮਿਆਨ ਭਗਤਾਂ 'ਚ ਖੁਸ਼ੀ ਦਾ ਮਾਹੌਲ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ—
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦੇ ਭੂਮੀ ਪੂਜਨ ਅਤੇ ਨੀਂਹ ਪੱਥਰ ਪ੍ਰੋਗਰਾਮ 'ਚ ਹਿੱਸਾ ਲੈਣ ਸਵੇਰੇ 11.30 ਵਜੇ ਰਘੁਕੁਲ ਦੀ ਨਗਰੀ ਅਯੁੱਧਿਆ ਪਹੁੰਚਣਗੇ।ਸੂਤਰਾਂ ਨੇ ਦੱਸਿਆ ਕਿ ਸਾਕੇਤ ਡਿਗਰੀ ਕਾਲਜ ਤੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ 10 ਮਿੰਟ 'ਚ ਹਨੂੰਮਾਨਗੜ੍ਹੀ 'ਚ ਪਹੁੰਚ ਜਾਵੇਗਾ, ਜਿੱਥੇ 11.40 ਵਜੇ ਸ਼੍ਰੀ ਮੋਦੀ ਰਾਮ ਭਗਤ ਹਨੂੰਮਾਨ ਦਾ ਦਰਸ਼ਨ ਪੂਜਨ ਕਰ ਕੇ ਉਨ੍ਹਾਂ ਤੋਂ ਭੂਮੀ ਪੂਜਨ ਦੀ ਮਨਜ਼ੂਰੀ ਮੰਗਣਗੇ। 10 ਮਿੰਟ ਪ੍ਰਸਿੱਧ ਹਨੂੰਮਾਨਗੜ੍ਹੀ 'ਚ ਬਿਤਾਉਣ ਤੋਂ ਬਾਅਦ ਉਹ ਕਰੀਬ 12 ਵਜੇ ਰਾਮ ਜਨਮ ਭੂਮੀ ਕੈਂਪਸ ਪਹੁੰਚ ਜਾਣਗੇ, ਜਿੱਥੇ ਉਹ ਵਿਧੀ ਅਨੁਸਾਰ ਰਾਮਲਲਾ ਵਿਰਾਜਮਾਨ ਦਾ ਦਰਸ਼ਨ ਪੂਜਨ ਕਰਨਗੇ। ਭੂਮੀ ਪੂਜਨ ਦੇ ਪ੍ਰੋਗਰਾਮ ਤੋਂ ਪਹਿਲਾਂ ਮੋਦੀ 12.15 ਵਜੇ ਰਾਮਲਲਾ ਕੰਪਲੈਕਸ 'ਚ ਰੁਖ ਲਗਾਉਣਗੇ। ਇਸ ਤੋਂ ਬਾਅਦ 12.30 ਵਜੇ ਭੂਮੀ ਪੂਜਨ ਪ੍ਰੋਗਰਾਮ ਦਾ ਸ਼ੁੱਭ ਆਰੰਭ ਹੋ ਜਾਵੇਗਾ।12.40 ਵਜੇ ਰਾਮ ਮੰਦਰ ਦਾ ਨੀਂਹ ਪੱਥਰ ਦੀ ਸਥਾਪਨਾ ਕੀਤੀ ਜਾਵੇਗੀ। ਮੋਦੀ ਦੁਪਹਿਰ 2.05 ਵਜੇ ਸਾਕੇਤ ਡਿਗਰੀ ਕਾਲਜ ਦੇ ਹੈਲੀਪੈਡ ਜਾਣਗੇ, ਜਿੱਥੋਂ 2.20 ਵਜੇ ਉਨ੍ਹਾਂ ਦਾ ਹੈਲੀਕਾਪਟਰ ਲਖਨਊ ਲਈ ਉੱਡ ਜਾਵੇਗਾ।