ਕੇਦਾਰਨਾਥ ''ਚ ਗੁਫਾ ਅੰਦਰ ਮੋਦੀ ਨੇ ਲਾਇਆ ਸੀ 17 ਘੰਟੇ ਧਿਆਨ, ਉੱਥੇ ਹਨ ਕਈ ਸਹੂਲਤਾਂ
Sunday, May 19, 2019 - 05:29 PM (IST)

ਦੇਹਰਾਦੂਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕੇਦਾਰਨਾਥ 'ਚ ਪੂਜਾ ਕਰਨ ਮਗਰੋਂ ਗੁਫਾ ਅੰਦਰ ਧਿਆਨ ਲਈ ਬੈਠੇ ਸਨ। ਭਗਵਾਨ ਸ਼ਿਵ ਦੇ ਧਾਮ ਕੇਦਾਰਨਾਥ ਸ਼ਰਾਈਨ ਨੇੜੇ ਇਹ ਗੁਫਾ ਬਣੀ ਹੋਈ ਹੈ। ਸਮੁੰਦਰੀ ਸਤ੍ਹਾ ਤੋਂ 12,000 ਕਿਲੋਮੀਟਰ ਦੀ ਉੱਚਾਈ 'ਤੇ ਸਥਿਤ ਇਸ ਗੁਫਾ 'ਚ ਪੀ. ਐੱਮ. ਮੋਦੀ ਦੀ ਯਾਤਰਾ ਦੇ ਮੱਦੇਨਜ਼ਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਵਿਵਸਥਾ ਕੀਤੀ ਗਈ ਸੀ।
ਇਹ ਕੋਈ ਆਮ ਗੁਫਾ ਨਹੀਂ ਹੈ ਸਗੋਂ ਕਿ ਇਸ ਵਿਚ ਸਾਰੀਆਂ ਜ਼ਰੂਰੀ ਸਹੂਲਤਾਂ ਵੀ ਮੌਜੂਦ ਹਨ। ਇਸ ਕੁਦਰਤੀ ਗੁਫਾ ਨੂੰ ਚੱਟਾਨਾਂ ਨੂੰ ਕੱਟ ਕੇ ਬਣਾਇਆ ਗਿਆ ਹੈ। ਬਸ ਇੰਨਾ ਹੀ ਨਹੀਂ ਗੁਫਾ ਵਿਚ ਇਕ ਕਮਰਾ ਹੈ ਅਤੇ ਉਸ ਦੇ ਨਾਲ ਹੀ ਅਟੈਚ ਟਾਇਲਟ ਵੀ ਹੈ। ਗੁਫਾ ਅੰਦਰ ਇਕ ਖਿੜਕੀ ਵੀ ਹੈ, ਜਿਸ ਤੋਂ ਕੇਦਾਰਨਾਥ ਧਾਮ ਸਾਫ-ਸਾਫ ਨਜ਼ਰ ਆਉਂਦਾ ਹੈ। ਇਸ ਗੁਫਾ ਦੀ ਛੱਤ ਕਰੀਬ 10 ਫੁੱਟ ਉੱਚੀ ਹੈ, ਯਾਨੀ ਕਿ ਇੱਥੇ ਕਿਸੇ ਨੂੰ ਵੀ ਘੁੱਟਣ ਮਹਿਸੂਸ ਨਹੀਂ ਹੁੰਦੀ ਹੈ।
ਸ਼ਨੀਵਾਰ ਦੁਪਹਿਰ ਤੋਂ ਐਤਵਾਰ ਦੀ ਸਵੇਰ ਤਕ ਪੀ. ਐੱਮ. ਨਰਿੰਦਰ ਮੋਦੀ ਨੇ ਇਸ ਗੁਫਾ ਅੰਦਰ ਕਰੀਬ 17 ਘੰਟੇ ਤਕ ਧਿਆਨ ਲਾਇਆ। ਕਈ ਮਹੀਨਿਆਂ ਦੀ ਸਖਤ ਮੁਸ਼ੱਕਤ ਤੋਂ ਬਾਅਦ ਇਸ ਗੁਫਾ ਨੂੰ ਪਿਛਲੇ ਸਾਲ ਤਿਆਰ ਕੀਤਾ ਗਿਆ ਸੀ, ਜੋ ਉਦੋਂ ਤੋਂ ਹੀ ਬੰਦ ਸੀ। ਸੀ. ਸੀ. ਟੀ. ਵੀ. ਕੈਮਰਿਆਂ ਦੀ ਮੋਨੀਟਰਿੰਗ ਪੀ. ਐੱਮ. ਮੋਦੀ ਦੀ ਸੁਰੱਖਿਆ ਵਿਚ ਤਾਇਨਾਤ ਐੱਸ. ਪੀ. ਜੀ. ਦੇ ਜਵਾਨ ਕਰ ਰਹੇ ਸਨ, ਜੋ ਗੁਫਾ ਦੇ ਬਾਹਰ ਸਨ। ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦੱਸਿਆ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਹੀ ਇਸ ਗੁਫਾ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਸੀ। ਉੱਥੇ ਪਾਣੀ ਅਤੇ ਬਿਜਲੀ ਵਰਗੀਆਂ ਸਾਰੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਸਨ।
ਇਹ ਪਹਿਲਾ ਮੌਕਾ ਹੈ ਜਦੋਂ ਮੋਦੀ ਨੇ ਕੇਦਾਰਨਾਥ ਵਿਚ ਧਿਆਨ ਲਾਇਆ। ਮੰਦਰ ਕੰਪਲੈਕਸ ਤੋਂ ਕਰੀਬ ਦੋ ਕਿਲੋਮੀਟਰ ਦੂਰ ਇਹ ਧਿਆਨ ਗੁਫਾ ਹੈ। ਉਸ ਦੀ ਉੱਚਾਈ 12,000 ਫੁੱਟ ਹੈ। ਕੇਦਾਰਨਾਥ ਮੰਦਰ ਵਿਚ ਪੂਜਾ ਕਰਨ ਤੋਂ ਬਾਅਦ ਮੋਦੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਧਰਤੀ ਨਾਲ ਮੇਰਾ ਵਿਸ਼ੇਸ਼ ਨਾਤਾ ਹੈ। ਉਸ ਗੁਫਾ ਤੋਂ 24 ਘੰਟੇ ਬਾਬਾ ਭੋਲੇ ਦੇ ਦਰਸ਼ਨ ਕੀਤੇ ਜਾ ਸਕਦੇ ਹਨ।