15 ਲੱਖ ਲੋਕਾਂ ਨੂੰ ਝਾਂਸੇ ''ਚ ਫਸਾਉਣ ਵਾਲਾ ਫਰਜ਼ੀ ਵੈੱਬਸਾਈਟ ਦਾ ਸੰਚਾਲਕ ਗ੍ਰਿਫਤਾਰ
Monday, Jun 03, 2019 - 11:44 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਾ ਕੇ ਕਥਿਤ ਤੌਰ 'ਤੇ ਇਕ ਫਰਜ਼ੀ ਵੈੱਬਸਾਈਟ ਚਲਾਉਣ ਵਾਲੇ ਅਤੇ 'ਸਰਕਾਰ ਦੇ ਫਿਰ ਤੋਂ ਚੁਣੇ ਜਾਣ 'ਤੇ ਮੁਫਤ ਲੈਪਟਾਪ ਸਰਕਾਰੀ ਯੋਜਨਾ' ਦੇ ਨਾਂ 'ਤੇ ਲੋਕਾਂ ਨੂੰ ਝਾਂਸਾ ਦੇਣ ਵਾਲੇ ਇਕ ਆਈ. ਆਈ. ਪੀ. ਪੋਸਟ ਗਰੈਜੂਏਟ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ 2019 ਬੈਚ ਦੇ ਆਈ. ਆਈ. ਟੀ. ਪੋਸਟ ਗ੍ਰੈਜੂਏਟ ਰਾਕੇਸ਼ ਜਾਂਗੜ (23) ਨੂੰ ਰਾਜਸਥਾਨ ਵਿਚ ਸਥਿਤ ਉਸ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਉਸ ਨੇ ਵੈੱਬਸਾਈਟ 'ਤੇ ਲੋਕਾਂ ਨੂੰ ਮੁਫਤ ਰਜਿਸਟ੍ਰੇਸ਼ਨ ਕਰਾਉਣ ਲਈ 'ਮੇਕ ਇਨ ਇੰਡੀਆ' ਲੋਗੋ ਦੀ ਵਰਤੋਂ ਕਰਦੇ ਹੋਏ ਫਰਜ਼ੀ ਪ੍ਰਮੋਸ਼ਨਲ ਮਲਟੀ ਮੀਡੀਆ ਮੈਸੇਜ (ਐੱਮ. ਐੱਮ. ਐੱਸ.) ਦੀ ਵਰਤੋਂ ਕੀਤੀ। ਦੋ ਦਿਨਾਂ ਦੇ ਅੰਦਰ ਹੀ 15 ਲੱਖ ਲੋਕ ਉਸ ਦੇ ਝਾਂਸੇ ਵਿਚ ਆ ਗਏ। ਉਸ ਦਾ ਇਰਾਦਾ ਰਜਿਸਟ੍ਰੇਸ਼ਨ ਦੇ ਬਹਾਨੇ ਲੱਖਾਂ ਲੋਕਾਂ ਦੀ ਨਿੱਜੀ ਜਾਣਕਾਰੀ ਹਾਸਲ ਕਰ ਕੇ ਉਸ ਦਾ ਨਾਜਾਇਜ਼ ਫਾਇਦਾ ਲੈਣਾ ਸੀ।