ਕੋਰੋਨਾ ਵਿਰੁੱਧ PM ਮੋਦੀ ਦਾ ''ਜਨ ਅੰਦੋਲਨ'', ਬੋਲੇ- ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਢਿੱਲ ਨਹੀਂ

10/08/2020 10:18:52 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣ ਵਾਲੇ ਤਿਉਹਾਰਾਂ, ਠੰਡ ਦੇ ਮੌਸਮ ਅਤੇ ਅਰਥ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਵੀਰਵਾਰ ਨੂੰ ਕੋਵਿਡ-19 ਲਈ ਲੋਕਾਂ ਦੇ ਉੱਚਿਤ ਰਵੱਈਏ ਬਾਰੇ ਟਵਿੱਟਰ 'ਤੇ ਇਕ 'ਜਨ ਅੰਦੋਲਨ' ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਲੜੀਵਾਰ ਟਵੀਟ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੋਈ ਟੀਕਾ ਨਹੀਂ ਬਣ ਜਾਂਦਾ, ਉਦੋਂ ਤੱਕ ਉਨ੍ਹਾਂ ਨੂੰ ਹਰ ਸਾਵਧਾਨੀ ਵਰਤਣੀ ਹੈ, ਥੋੜ੍ਹੀ ਵੀ ਢਿੱਲ ਨਹੀਂ ਕਰਨੀ ਹੈ। ਉਨ੍ਹਾਂ ਨੇ ਕਿਹਾ,''ਕੋਰੋਨਾ ਵਾਇਰਸ ਤੋਂ ਬਚੋ। ਹੱਥ ਧੋਵੋ ਵਾਰ-ਵਾਰ। ਸਹੀ ਤਰ੍ਹਾਂ ਮਾਸਕ ਪਹਿਨੋ। ਨਿਭਾਓ 2 ਗਜ ਦੀ ਦੂਰੀ। ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਢਿੱਲ ਨਹੀਂ।''

ਪੀ.ਐੱਮ. ਮੋਦੀ ਨੇ ਤਸਵੀਰਾਂ ਵੀ ਕੀਤੀਆਂ ਸਾਂਝੀਆਂ
ਮੋਦੀ ਨੇ ਕੋਰੋਨਾ ਵਾਇਰਸ ਤੋਂ ਬਚਾਅ ਸੰਬੰਧੀ ਸੰਦੇਸ਼ਾਂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ 'ਚ ਉਹ ਖ਼ੁਦ ਗਮਛਾ ਲਪੇਟੇ ਹੋਏ ਹਨ ਅਤੇ ਹੱਥ ਜੋੜ ਕੇ ਲੋਕਾਂ ਤੋਂ ਬਚਾਅ ਦੀ ਅਪੀਲ ਕਰਦੇ ਦਿੱਸ ਰਹੇ ਹਨ। ਮੁਹਿੰਮ ਨੂੰ ਧਾਰ ਦੇਣ ਲਈ ਉਨ੍ਹਾਂ ਨੇ 'ਯੂਨਾਈਟ ਟੂ ਫਾਈਟ ਕੋਰੋਨਾ' ਹੈਸ਼ਟੈਗ ਦੀ ਵੀ ਵਰਤੋਂ ਕੀਤੀ। 
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਕੋਰੋਨਾ ਵਾਇਰਸ ਵਿਰੁੱਧ ਸਫ਼ਲਤਾ ਹਾਸਲ ਕਰਾਂਗੇ ਅਤੇ ਇਸ ਲੜਾਈ ਨੂੰ ਜਿਤਾਂਗੇ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਵਿਰੁੱਧ ਭਾਰਤ ਦੀ ਲੜਾਈ ਲੋਕਾਂ ਵਲੋਂ ਲੜੀ ਜਾ ਰਹੀ ਹੈ, ਜਿਸ ਨੂੰ ਕੋਰੋਨਾ ਯੋਧਿਆਂ ਤੋਂ ਮਜ਼ਬੂਤੀ ਮਿਲੀ ਹੈ। ਉਨ੍ਹਾਂ ਨੇ ਕਿਹਾ,''ਸਾਡੀਆਂ ਸਮੂਹਕ ਕੋਸ਼ਿਸ਼ਾਂ ਨੇ ਕਈ ਜ਼ਿੰਦਗੀਆਂ ਬਚਾਉਣ 'ਚ ਮਦਦ ਕੀਤੀ। ਸਾਨੂੰ ਇਸ ਗਤੀ ਨੂੰ ਬਰਕਰਾਰ ਰੱਖਣਾ ਹੈ ਅਤੇ ਇਸ ਵਾਇਰਸ ਤੋਂ ਨਾਗਰਿਕਾਂ ਦੀ ਰੱਖਿਆ ਕਰਨੀ ਹੈ।'' 

ਪੀੜਤਾਂ ਦੀ ਗਿਣਤੀ 68 ਲੱਖ ਦੇ ਪਾਰ
ਦੱਸਣਯੋਗ ਹੈ ਕਿ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਕੋਵਿਡ-19 ਨਾਲ ਨਜਿੱਠਣ ਲਈ ਉੱਚਿਤ ਰਵੱਈਏ ਬਾਰੇ ਵੀਰਵਾਰ ਨੂੰ ਟਵਿੱਟਰ 'ਤੇ 'ਜਨ ਅੰਦੋਲਨ' ਮੁਹਿੰਮ ਸ਼ੁਰੂ ਕਰਨਗੇ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਸੀ ਕਿ ਕੋਰੋਨਾ ਤੋਂ ਬਚਾਅ ਦਾ ਇਕ ਮਾਤਰ ਹਥਿਆਰ ਮਾਸਕ ਪਹਿਨਣਾ, ਸਮਾਜਿਕ ਦੂਰੀ ਦਾ ਪਾਲਣ ਕਰਨਾ ਅਤੇ ਲਗਾਤਾਰ ਹੱਥ ਧੋਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਸਿਧਾਂਤ ਦਾ ਪਾਲਣ ਕਰਦੇ ਹੋਏ ਜਨਤਕ ਥਾਂਵਾਂ 'ਤੇ ਇਨ੍ਹਾਂ ਉਪਾਵਾਂ ਬਾਰੇ ਜਾਗਰੂਕਤਾ ਵਧਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਬੁੱਧਵਾਰ ਰਾਤ ਤੱਕ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 68 ਲੱਖ ਦੇ ਪਾਰ ਚੱਲੀ ਗਈ ਹੈ।


DIsha

Content Editor

Related News