ਕੁੜੀਆਂ ਦੇ ਵਿਆਹ ਦੀ ਸਹੀ ਉਮਰ ''ਤੇ ਸਰਕਾਰ ਜਲਦ ਲਵੇਗੀ ਫੈਸਲਾ : PM ਮੋਦੀ

Saturday, Aug 15, 2020 - 10:22 AM (IST)

ਕੁੜੀਆਂ ਦੇ ਵਿਆਹ ਦੀ ਸਹੀ ਉਮਰ ''ਤੇ ਸਰਕਾਰ ਜਲਦ ਲਵੇਗੀ ਫੈਸਲਾ : PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਆਤਮਨਿਰਭਰ ਭਾਰਤ, ਲੱਦਾਖ 'ਚ ਚੀਨ ਨਾਲ ਵਿਵਾਦ, ਕੋਰੋਨਾ ਮਹਾਮਾਰੀ ਵਰਗੇ ਅਹਿਮ ਮੁੱਦਿਆਂ ਦਾ ਜ਼ਿਕਰ ਕੀਤਾ। ਲਾਲ ਕਿਲੇ ਤੋਂ ਆਪਣੇ ਭਾਸ਼ਣ 'ਚ ਪੀ.ਐੱਮ. ਮੋਦੀ ਨੇ ਦੇਸ਼ ਦੀਆਂ ਧੀਆਂ ਨੂੰ ਵੀ ਸਲਾਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੁੜੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਸਰਕਾਰ ਸਮੀਖਿਆ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਕੁੜੀਆਂ ਦੇ ਵਿਆਹ ਦੀ ਸਹੀ ਉਮਰ ਕੀ ਹੋਵੇ, ਇਸ ਲਈ ਅਸੀਂ ਕਮੇਟੀ ਬਣਾਈ ਹੈ। ਉਸ ਦੀ ਰਿਪੋਰਟ ਆਉਂਦੇ ਹੀ ਧੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਵੀ ਉੱਚਿਤ ਫੈਸਲੇ ਲਏ ਜਾਣਗੇ।

ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਦੇ ਜੋ 40 ਕਰੋੜ ਜਨਧਨ ਖਾਤੇ ਖੁੱਲ੍ਹੇ ਹਨ, ਉਨ੍ਹਾਂ 'ਚੋਂ ਲਗਭਗ 22 ਕਰੋੜ ਖਾਤੇ ਬੀਬੀਆਂ ਦੇ ਹੀ ਹਨ। ਕੋਰੋਨਾ ਦੇ ਸਮੇਂ ਅਪ੍ਰੈੱਲ-ਮਈ-ਜੂਨ, ਇਨ੍ਹਾਂ ਤਿੰਨ ਮਹੀਨਿਆਂ 'ਚ ਬੀਬੀਆਂ ਦੇ ਖਾਤਿਆਂ 'ਚ ਕਰੀਬ 30 ਹਜ਼ਾਰ ਕਰੋੜ ਰੁਪਏ ਸਿੱਧੇ ਟਰਾਂਸਫਰ ਕੀਤੇ ਗਏ ਹਨ। ਅੱਜ ਭਾਰਤ 'ਚ ਜਨਾਨੀਆਂ ਅੰਡਰਗਰਾਊਂਡ ਕੋਲਾ ਖਾਨਾਂ 'ਚ ਕੰਮ ਕਰ ਰਹੀਆਂ ਹਨ ਤਾਂ ਕੁਝ ਲੜਾਕੂ ਜਹਾਜ਼ਾਂ ਰਾਹੀਂ ਆਸਮਾਨ ਦੀਆਂ ਬੁਲੰਦੀਆਂ ਨੂੰ ਵੀ ਛੂਹ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਸਾਡਾ ਅਨੁਭਵ ਕਹਿੰਦਾ ਹੈ ਕਿ ਭਾਰਤ 'ਚ ਮਹਿਲਾ ਸ਼ਕਤੀ ਨੂੰ ਜਦੋਂ ਵੀ ਮੌਕੇ ਮਿਲੇ, ਉਨ੍ਹਾਂ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ, ਦੇਸ਼ ਨੂੰ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਗਰਭਵਤੀ ਬੀਬੀਆਂ ਨੂੰ ਤਨਖਾਹ ਦੇ ਨਾਲ 6 ਮਹੀਨਿਆਂ ਦੀ ਛੁੱਟੀ ਦੇਣ ਦੇ ਫੈਸਲੇ ਦੀ ਗੱਲ ਹੋਵੇ, ਸਾਡੇ ਦੇਸ਼ ਦੀਆਂ ਬੀਬੀਆਂ ਜੋ ਤਿੰਨ ਤਲਾਕ ਕਾਰਨ ਪੀੜਤ ਰਹਿੰਦੀਆਂ ਸਨ, ਅਜਿਹੀਆਂ ਬੀਬੀਆਂ ਨੂੰ ਆਜ਼ਾਦੀ ਦਿਵਾਉਣ ਦਾ ਕੰਮ ਹੋਵੇ, ਸਰਕਾਰ ਨੇ ਇਸ 'ਤੇ ਕੰਮ ਕੀਤਾ। ਗਰੀਬ ਧੀਆਂ ਦੀ ਸਿਹਤ ਦੀ ਚਿੰਤਾ ਵੀ ਸਾਡੀ ਸਰਕਾਰ ਲਗਾਤਾਰ ਕਰ ਰਹੀ ਹੈ।


author

DIsha

Content Editor

Related News