PM ਮੋਦੀ ਦੇ ਇੰਟਰਵਿਊ 'ਤੇ ਭੜਕੇ ਚੰਦਰਬਾਬੂ ਨਾਇਡੂ, ਦਿੱਤੀ ਇਹ ਚੁਣੌਤੀ
Wednesday, Jan 02, 2019 - 11:37 AM (IST)

ਨਵੀਂ ਦਿੱਲੀ— ਨਵੇਂ ਸਾਲ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ 'ਤੇ ਲਿਆ। ਚੰਦਰਬਾਬੂ ਨਾਇਡੂ ਨੇ ਕਿਹਾ ਕਿ ਮੋਦੀ ਦੱਸਣ ਕਿ ਸਾਢੇ 4 ਸਾਲ ਦੇ ਕਾਰਜਕਾਲ 'ਚ ਦੇਸ਼ ਨੂੰ ਕੀ ਫਾਇਦਾ ਮਿਲਿਆ। ਉਨ੍ਹਾਂ ਨੇ ਮੋਦੀ ਦੇ ਸਾਢੇ 4 ਸਾਲ ਦੇ ਕਾਰਜਕਾਲ 'ਤੇ ਬਹਿਸ ਕਰਨ ਦੀ ਚੁਣੌਤੀ ਦੇ ਦਿੱਤੀ। ਇਕ ਨਿਜੀ ਚੈਨਲ ਨੂੰ ਦਿੱਤੇ ਮੋਦੀ ਦੇ ਇੰਟਰਵਿਊ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੰਦਰਬਾਬੂ ਨੇ ਕਿਹਾ ਮੋਦੀ ਸਰਕਾਰ ਦੌਰਾਨ ਕੀ ਦੇਸ਼ ਨੂੰ ਆਰਥਿਕ ਵਾਧਾ ਦਰ ਹਾਸਲ ਹੋਇਆ। ਜੀ. ਐੱਸ. ਟੀ. ਅਤੇ ਨੋਟਬੰਦੀ ਨਾਲ ਕੀ ਆਰਥਿਕ ਵਾਧਾ ਹਾਸਲ ਹੋਇਆ।
ਚੰਦਰਬਾਬੂ ਨਾਇਡੂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵਲੋਂ ਨੋਟਬੰਦੀ ਅਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਵਰਗੇ ਆਰਥਿਕ ਸੁਧਾਰਾਂ ਕਾਰਨ ਦੇਸ਼ ਦੀ ਆਰਥਿਕ ਪ੍ਰਣਾਲੀ ਢਹਿ-ਢੇਰੀ ਹੋ ਗਈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ 'ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ।