PM ਮੋਦੀ ਨੇ ਵਧਾਇਆ ਵਿਦਿਆਰਥੀਆਂ ਦਾ ਹੌਂਸਲਾ, ਕਿਹਾ- ਕੋਈ ਇਕ ਪ੍ਰੀਖਿਆ ਤੁਹਾਨੂੰ ਪਰਿਭਾਸ਼ਿਤ ਨਹੀਂ ਕਰ ਸਕਦੀ
Tuesday, May 13, 2025 - 03:17 PM (IST)

ਨਵੀਂ ਦਿੱਲੀ- PM ਮੋਦੀ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਹੋਣ 'ਤੇ ਮੰਗਲਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੋਈ ਵੀ ਪ੍ਰੀਖਿਆ ਉਨ੍ਹਾਂ ਨੂੰ ਪਰਿਭਾਸ਼ਿਤ ਨਹੀਂ ਕਰ ਸਕਦੀ ਅਤੇ ਉਨ੍ਹਾਂ ਦੀ ਤਾਕਤ ਅੰਕ ਪੰਨਿਆ ਤੋਂ ਕਿਤੇ ਵੱਧ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ ਕਿ CBSE 12ਵੀਂ ਅਤੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ!
ਇਹ ਤੁਹਾਡੇ ਮਜ਼ਬੂਤ ਸੰਕਲਪ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਅੱਜ ਮਾਤਾ-ਪਿਤਾ, ਅਧਿਆਪਕਾਂ ਅਤੇ ਹੋਰ ਸਾਰੇ ਲੋਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਇਸ ਪ੍ਰਾਪਤੀ ਵਿਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਆਗਾਮੀ ਸਾਰੇ ਮੌਕਿਆਂ 'ਚ ਸਫ਼ਲਤਾ ਦੀਆਂ ਸ਼ੁੱਭਕਾਮਨਾਵਾਂ! ਜੋ ਲੋਕ ਆਪਣੇ ਅੰਕਾਂ ਤੋਂ ਥੋੜ੍ਹ ਨਿਰਾਸ਼ ਮਹਿਸੂਸ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕੋਈ ਇਕ ਪ੍ਰੀਖਿਆ ਤੁਹਾਨੂੰ ਕਦੇ ਪਰਿਭਾਸ਼ਿਤ ਨਹੀਂ ਕਰ ਸਕਦੀ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡੀ ਯਾਤਰਾ ਇਸ ਤੋਂ ਬਹੁਤ ਵੱਡੀ ਹੈ ਅਤੇ ਤੁਹਾਡੀ ਤਾਕਤ ਅੰਕ ਪੰਨਿਆਂ ਤੋਂ ਕਿਤੇ ਵੱਧ ਹੈ। ਆਤਮਵਿਸ਼ਵਾਸ ਬਣਾ ਕੇ ਰੱਖੋ, ਉਤਸੁਕ ਰਹੋ ਕਿਉਂਕਿ ਵਧੀਆ ਚੀਜ਼ਾਂ ਤੁਹਾਡੇ ਲਈ ਉਡੀਕ ਕਰ ਰਹੀਆਂ ਹਨ। 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਗਏ। 93 ਫ਼ੀਸਦੀ ਤੋਂ ਵੱਧ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਅਤੇ 88.39 ਫ਼ੀਸਦੀ ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ। ਦੋਵਾਂ ਪ੍ਰੀਖਿਆਵਾਂ 'ਚ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ।