‘ਸਾਫਟਵੇਅਰ’ ਦੇ ਜ਼ਰੀਏ ਹਟਾਏ ਗਏ ਕਾਂਗਰਸ ਦੇ ਵੋਟਰਾਂ ਦੇ ਨਾਂ : ਰਾਹੁਲ

Thursday, Sep 18, 2025 - 10:20 PM (IST)

‘ਸਾਫਟਵੇਅਰ’ ਦੇ ਜ਼ਰੀਏ ਹਟਾਏ ਗਏ ਕਾਂਗਰਸ ਦੇ ਵੋਟਰਾਂ ਦੇ ਨਾਂ : ਰਾਹੁਲ

ਨਵੀਂ ਦਿੱਲੀ (ਭਾਸ਼ਾ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਥਿਤ ‘ਵੋਟ ਚੋਰੀ’ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਵੀਰਵਾਰ ਨੂੰ ਵੋਟਰ ਸੂਚੀਆਂ ’ਚੋਂ ‘ਕਾਂਗਰਸ ਸਮਰਥਕ ਵੋਟਰਾਂ’ ਦੇ ਨਾਂ ਹਟਾਏ ਜਾਣ ਦਾ ਮੁੱਦਾ ਉਠਾਇਆ ਅਤੇ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਗਿਆਨੇਸ਼ ਕੁਮਾਰ ‘ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ’ ਅਤੇ ‘ਵੋਟ ਚੋਰਾਂ’ ਦੀ ਰੱਖਿਆ ਕਰ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਸੀ. ਈ. ਸੀ. ਨੂੰ ‘ਬਹਾਨੇ ਬਣਾਉਣਾ’ ਬੰਦ ਕਰ ਕੇ ਕਰਨਾਟਕ ਦੀ ਸੀ. ਆਈ. ਡੀ. ਨੂੰ ‘ਵੋਟ ਚੋਰੀ’ ਦਾ ਸਬੂਤ ਸੌਂਪਣਾ ਚਾਹੀਦਾ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ‘ਵੋਟ ਚੋਰੀ’ ਦੇ ਮੁੱਦੇ ’ਤੇ ਹੁਣ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਅੰਦਰੋਂ ਮਦਦ ਮਿਲ ਰਹੀ ਹੈ ਅਤੇ ਸੂਚਨਾਵਾਂ ਉਨ੍ਹਾਂ ਤੱਕ ਪਹੁੰਚ ਰਹੀਆਂ ਹਨ।

ਰਾਹੁਲ ਗਾਂਧੀ ਨੇ ਇੱਥੇ ਪਾਰਟੀ ਹੈੱਡਕੁਆਰਟਰ ‘ਇੰਦਰਾ ਭਵਨ’ ’ਚ ਪੱਤਰਕਾਰ ਸੰਮੇਲਨ ’ਚ ਕਰਨਾਟਕ ਦੇ ਕਲਬੁਰਗੀ ਜ਼ਿਲੇ ਦੇ ਆਲੰਦ ਵਿਧਾਨ ਸਭਾ ਹਲਕੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਕਾਂਗਰਸ ਦੇ ਵੋਟਰਾਂ ਦੇ ਨਾਂ ਹਟਾਉਣ ਦੀ ਕੋਸ਼ਿਸ਼ ਸੋਚੇ-ਸਮਝੇ ਤਰੀਕੇ ਨਾਲ ਕੀਤੀ ਗਈ ਅਤੇ ਇਸ ’ਚ ਸਾਫਟਵੇਅਰ ਦੀ ਵਰਤੋਂ ਹੋਈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ‘ਵੋਟ ਚੋਰਾਂ’ ਨੂੰ ਸੁਰੱਖਿਆ ਦੇਣਾ ਬੰਦ ਕਰਨਾ ਚਾਹੀਦਾ ਹੈ ਅਤੇ ਇਕ ਹਫ਼ਤੇ ’ਚ ਚੋਣ ਕਮਿਸ਼ਨ ਨੂੰ ਕਰਨਾਟਕ ਦੀ ਸੀ. ਆਈ. ਡੀ. ਨਾਲ ਪੂਰੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।

ਉਨ੍ਹਾਂ ਅਨੁਸਾਰ, ਜਿਨ੍ਹਾਂ ਦੇ ਨਾਂ ਹਟਾਉਣ ਦੀ ਕੋਸ਼ਿਸ਼ ਹੋਈ ਅਤੇ ਜਿਨ੍ਹਾਂ ਦੇ ਨਾਂ ਦੀ ਵਰਤੋਂ ਕਰ ਕੇ ਨਾਂ ਹਟਾਉਣ ਦੀ ਅਰਜ਼ੀ ਦਿੱਤੀ ਗਈ, ਉਨ੍ਹਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ‘ਹਾਈਡ੍ਰੋਜਨ ਬੰਬ’ ਨਹੀਂ ਹੈ ਅਤੇ ਉਹ ਅੱਗੇ ਆਉਣ ਵਾਲਾ ਹੈ।


author

Hardeep Kumar

Content Editor

Related News