ਨਾਇਕ ਦੇਵੇਂਦਰ ਪ੍ਰਤਾਪ ਸਿੰਘ ਕੀਰਤੀ ਚੱਕਰ ਨਾਲ ਸਨਮਾਨਿਤ; 8 ਸਿਪਾਹੀਆਂ ਨੂੰ ਸ਼ੌਰਿਆ ਚੱਕਰ
Monday, Aug 15, 2022 - 01:29 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਸ ਆਜ਼ਾਦੀ ਦਿਵਸ ’ਤੇ ਨਾਇਕ ਦੇਵੇਂਦਰ ਪ੍ਰਤਾਪ ਸਿੰਘ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਸ਼ਾਂਤੀ ਸਮੇਂ ਦਾ ਦੂਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ। ਦੇਵੇਂਦਰ ਪ੍ਰਤਾਪ ਸਿੰਘ ਇਸ ਸਾਲ 29 ਜਨਵਰੀ ਨੂੰ ਪੁਲਵਾਮਾ ’ਚ ਇਕ ਆਪ੍ਰੇਸ਼ਨ ਦਾ ਹਿੱਸਾ ਸਨ, ਜਿੱਥੇ ਉਨ੍ਹਾਂ ਨੇ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ 2 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।
ਇਸ ਤੋਂ ਇਲਾਵਾ ਸੈਨਾ ਦੇ 8 ਜਵਾਨਾਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ’ਚੋਂ ਸਿਪਾਹੀ ਕਰਨ ਵੀਰ ਸਿੰਘ, ਗਨਰ ਜਸਬੀਰ ਸਿੰਘ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸ਼ੌਰਿਆ ਚੱਕਰ ਨਾਲ ਸਨਮਾਨਿਤ ਮੇਜਰ ਨਿਤਿਨ ਧਾਨੀਆ, ਅਮਿਤ ਦਹੀਆ, ਸੰਦੀਪ ਕੁਮਾਰ, ਅਭਿਸ਼ੇਕ ਸਿੰਘ, ਹੌਲਦਾਰ ਘਨਸ਼ਿਆਮ ਅਤੇ ਲਾਂਸ ਨਾਇਕ ਰਾਘਵੇਂਦਰ ਸਿੰਘ ਸ਼ਾਮਲ ਹਨ। ਭਾਰਤੀ ਫੌਜ ਦੇ ਅਸਾਲਟ ਡਾਗ ਐਕਸਲ ਨੂੰ ਮਰਨ ਉਪਰੰਤ ‘ਮੇਨਸ਼ਨ ਇਨ ਡਿਸਪੈਚ’ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
1082 ਪੁਲਸ ਮੁਲਾਜ਼ਮਾਂ ਦਾ ਬਹਾਦਰੀ, ਸ਼ਾਨਦਾਰ ਸੇਵਾਵਾਂ ਲਈ ਸਨਮਾਨ
ਇਸ ਦੇ ਨਾਲ ਹੀ ਸੀ.ਬੀ.ਆਈ. ਦੇ 30 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ਿਸ਼ਟ ਸੇਵਾ ਅਤੇ ਸ਼ਲਾਘਾ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। 6 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਸ ਮੈਡਲ ਅਤੇ 24 ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਸ ਮੈਡਲ ਦਿੱਤੇ ਗਏ। ਕੇਂਦਰੀ ਹਥਿਆਰਬੰਦ ਪੁਲਸ ਬਲਾਂ (ਸੀ. ਏ. ਪੀ. ਐੱਫ.) ਅਤੇ ਰਾਜ ਬਲਾਂ ਦੇ ਕੁੱਲ 1,082 ਪੁਲਸ ਮੁਲਾਜ਼ਮਾਂ ਨੂੰ ਬਹਾਦਰੀ ਸਮੇਤ ਸੇਵਾ ਮੈਡਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ’ਚ ਸਨਮਾਨਿਤ ਕੀਤਾ ਗਿਆ। ਐਤਵਾਰ ਨੂੰ ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਬਹਾਦਰੀ ਲਈ 347 ਪੁਲਸ ਮੈਡਲ, ਵਿਲੱਖਣ ਸੇਵਾਵਾਂ ਲਈ 87 ਰਾਸ਼ਟਰਪਤੀ ਪੁਲਸ ਮੈਡਲ ਸ਼ਲਾਘਾਯੋਗ ਸੇਵਾਵਾਂ ਲਈ 648 ਪੁਲਸ ਮੈਡਲ ਪ੍ਰਦਾਨ ਕੀਤੇ ਗਏ।