ਹੁਣ ਨਗਾੜਾ ਵਜਾ ਕੇ ਸੁਰਖੀਆਂ ''ਚ ਆਏ ਲੱਦਾਖ ਦੇ ਸੰਸਦ ਮੈਂਬਰ
Thursday, Aug 15, 2019 - 01:42 PM (IST)

ਲੇਹ— ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਖਾਤਮੇ ਤੋਂ ਬਾਅਦ ਲੋਕ ਸਭਾ ਦੇ ਅੰਦਰ ਜ਼ੋਰਦਾਰ ਭਾਸ਼ਣ ਦੇ ਕੇ ਚਰਚਾ 'ਚ ਆਏ ਲੱਦਾਖ ਤੋਂ ਭਾਜਪਾ ਸੰਸਦ ਮੈਂਬਰ ਜਾਮਯਾਂਗ ਸੇਰਿੰਗ ਨਾਮਗਯਾਲ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। 73ਵੇਂ ਆਜ਼ਾਦੀ ਦਿਵਸ ਮੌਕੇ ਲੇਹ 'ਚ ਆਯੋਜਿਤ ਪ੍ਰੋਗਰਾਮ 'ਚ ਸੇਰਿੰਗ ਲੱਦਾਖ ਦੇ ਪਰੰਪਰਾਗਤ ਕੱਪੜਿਆਂ 'ਚ ਨਜ਼ਰ ਆਏ। ਜਸ਼ਨ 'ਚ ਡੁੱਬੇ ਸੇਰਿੰਗ ਇੰਨੇ ਜ਼ਿਆਦਾ ਉਤਸ਼ਾਹਤ ਹੋ ਗਏ ਕਿ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਨਗਾੜਾ ਵਜਾਉਣਾ ਸ਼ੁਰੂ ਕਰ ਦਿੱਤਾ।
#WATCH BJP MP from Ladakh, Jamyang Tsering Namgyal plays a traditional drum with locals while celebrating 73rd #IndiaIndependenceDay, in Leh. pic.twitter.com/2kipUbCTmL
— ANI (@ANI) August 15, 2019
ਆਜ਼ਾਦੀ ਦਿਵਸ ਦੇ ਜਸ਼ਨ 'ਚ ਹਿੱਸਾ ਲੈਣ ਪਹੁੰਚੇ ਜਾਮਯਾਂਗ ਸੇਰਿੰਗ ਨੇ ਸਥਾਨਕ ਲੋਕਾਂ ਨਾਲ ਪਹਿਲਾਂ ਡਾਂਸ ਕੀਤਾ ਅਤੇ ਫਿਰ ਬਾਅਦ 'ਚ ਜ਼ੋਰਦਾਰ ਤਰੀਕੇ ਨਾਲ ਨਗਾੜਾ ਵਜਾਇਆ। ਉਨ੍ਹਾਂ ਦੇ ਇਸ 'ਕੌਸ਼ਲ' ਦੀ ਸਥਾਨਕ ਲੋਕਾਂ ਨੇ ਜੰਮ ਕੇ ਪ੍ਰਸ਼ੰਸਾ ਕੀਤੀ। ਦੂਜੇ ਪਾਸੇ ਲੱਦਾਖ 'ਚ ਜਸ਼ਨ-ਏ-ਆਜ਼ਾਦੀ ਦਾ ਦੌਰ ਜਾਰੀ ਹੈ। ਲੇਹ 'ਚ ਆਯੋਜਿਤ ਪ੍ਰੋਗਰਾਮ 'ਚ ਔਰਤਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ 'ਚ ਸਥਾਨਕ ਲੋਕਾਂ ਨੇ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਲੋਕ ਸਭਾ 'ਚ ਜੰਮੂ-ਕਸ਼ਮੀਰ ਤੋਂ ਲੱਦਾਖ ਨੂੰ ਵੱਖ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਦੇ ਫੈਸਲੇ ਦਾ ਲੱਦਾਖ ਦੇ ਭਾਜਪਾ ਸੰਸਦ ਮੈਂਬਰ ਜਾਮਯਾਂਗ ਸੇਰਿੰਗ ਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੱਦਾਖ ਦੀ ਜਨਤਾ 71 ਸਾਲਾਂ ਤੋਂ ਇਸ ਦੀ ਮੰਗ ਕਰ ਰਹੀ ਸੀ। ਇਹ ਮੰਗ ਸਾਬਕਾ ਪੀ.ਐੱਮ. ਜਵਾਹਰ ਲਾਲ ਨਹਿਰੂ ਦੇ ਸਾਹਮਣੇ ਰੱਖੀ ਗਈ ਸੀ ਪਰ ਉਹ ਮੰਗ 7 ਦਹਾਕੇ ਬਾਅਦ ਹੁਣ ਪੂਰੀ ਹੋਈ। ਉਨ੍ਹਾਂ ਨੇ ਕਿਹਾ ਕਿ ਕਾਰਗਿਲ ਦੇ ਲੋਕਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਲਈ ਵੋਟ ਕੀਤਾ ਸੀ। ਸੇਰਿੰਗ ਦੇ ਭਾਸ਼ਣ ਦੌਰਾਨ ਸੱਤਾ ਪੱਖ ਵਲੋਂ ਖੂਬ ਮੇਜ਼ ਥੱਪਥਪਾਈ ਗਈ ਸੀ। ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ, ਪੀ.ਐੱਮ. ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵੀ ਉਨ੍ਹਾਂ ਦੇ ਭਾਸ਼ਣ ਦੀ ਪ੍ਰਸ਼ੰਸਾ ਕੀਤੀ ਸੀ। ਬਿਰਲਾ ਨੇ ਕਿਹਾ ਸੀ ਕਿ ਪਹਿਲੀ ਵਾਰ ਸਦਨ 'ਚ ਚੁਣ ਕੇ ਆਏ ਇਸ ਸੰਸਦ ਮੈਂਬਰਾਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ।