ਰਾਜ ਸਭਾ ''ਚ ਗੂੰਜਿਆ NZ ''ਚ ਨਗਰ ਕੀਰਤਨ ਰੋਕੇ ਜਾਣ ਦਾ ਮਾਮਲਾ, ਭਾਰਤ ਨੇ ਨਿਊਜ਼ੀਲੈਂਡ ਅੱਗੇ ਰੱਖਿਆ ਮੁੱਦਾ

Saturday, Feb 07, 2026 - 02:34 PM (IST)

ਰਾਜ ਸਭਾ ''ਚ ਗੂੰਜਿਆ NZ ''ਚ ਨਗਰ ਕੀਰਤਨ ਰੋਕੇ ਜਾਣ ਦਾ ਮਾਮਲਾ, ਭਾਰਤ ਨੇ ਨਿਊਜ਼ੀਲੈਂਡ ਅੱਗੇ ਰੱਖਿਆ ਮੁੱਦਾ

ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਟੌਰੰਗਾ ਵਿੱਚ ਗੁਰਦੁਆਰਾ ਸਿੱਖ ਸੰਗਤ ਵੱਲੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾਏ ਗਏ ਵਿਘਨ ਦੇ ਮਾਮਲੇ ਵਿੱਚ ਭਾਰਤ ਸਰਕਾਰ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਹੈ। ਵਿਦੇਸ਼ ਮੰਤਰਾਲੇ (MEA) ਨੇ ਇਸ ਸਬੰਧੀ ਨਿਊਜ਼ੀਲੈਂਡ ਸਰਕਾਰ ਅਤੇ ਉੱਥੋਂ ਦੀ ਪੁਲਸ ਨਾਲ ਰਾਬਤਾ ਕਾਇਮ ਕੀਤਾ ਹੈ।

ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗੋਰਿਟਾ ਨੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਭਾਰਤ ਨੇ ਇਹ ਮੁੱਦਾ ਨਿਊਜ਼ੀਲੈਂਡ ਦੀਆਂ ਸਬੰਧਤ ਅਥਾਰਟੀਆਂ ਕੋਲ ਪ੍ਰਮੁੱਖਤਾ ਨਾਲ ਉਠਾਇਆ ਹੈ। ਭਾਰਤ ਸਰਕਾਰ ਦੇ ਦਖ਼ਲ ਤੋਂ ਬਾਅਦ ਨਿਊਜ਼ੀਲੈਂਡ ਪੁਲਿਸ ਨੇ ਸਿੱਖ ਭਾਈਚਾਰੇ ਨੂੰ ਪੂਰਨ ਸਹਿਯੋਗ ਦੇਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਦਾ ਪੁਖ਼ਤਾ ਭਰੋਸਾ ਦਿੱਤਾ ਹੈ।

ਜਾਣਕਾਰੀ ਅਨੁਸਾਰ, ਇਹ ਵਿਘਨ ਇੱਕ ਅਜਿਹੇ ਸਮੂਹ ਵੱਲੋਂ ਪਾਇਆ ਗਿਆ ਸੀ ਜੋ ਆਪਣੇ ਕੱਟੜਪੰਥੀ ਅਤੇ ਸਮਾਜਿਕ ਰੂੜੀਵਾਦੀ ਵਿਚਾਰਾਂ ਲਈ ਜਾਣਿਆ ਜਾਂਦਾ ਹੈ। ਇਸ ਮਗਰੋਂ ਵੈਲਿੰਗਟਨ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਸਥਾਨਕ ਭਾਈਚਾਰੇ ਦੇ ਆਗੂਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਤਾਂ ਜੋ ਉੱਥੇ ਰਹਿ ਰਹੇ ਭਾਰਤੀਆਂ ਦੀ ਭਲਾਈ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਿਦੇਸ਼ਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ।


author

Harpreet SIngh

Content Editor

Related News