ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 10 ਮਈ ਨੂੰ
Monday, May 04, 2026 - 03:37 PM (IST)
ਰੋਮ (ਕੈਂਥ) ਖਾਲਸਾ ਪੰਥ ਜਿਸ ਦੀ ਸਾਜਨਾ ਸਰਬੰਸਦਾਨੀ, ਸਾਹਿਬੇ ਕਮਾਲ ਦਸਮੇਸ ਪਿਤਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਨ 1699 ਈ:ਦੀ ਵਿਸਾਖੀ ਵਾਲੇ ਦਿਨ ਕਰਕੇ ਮਹਾਨ ਸਿੱਖ ਧਰਮ ਨੂੰ ਨਵਾਂ ਰੰਗ ਰੂਪ ਦਿੰਦਿਆਂ ਸਿੰਘਾਂ ਨੂੰ ਸੂਰਬੀਰ ਤੇ ਬਹਾਦਰਾਂ ਦਾ ਥਾਪੜਾ ਦਿੱਤਾ, ਜਿਹਨਾਂ ਦੁਨੀਆਂ ਭਰ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਲਈ ਕੇਸਰੀ ਝੰਡਾ ਝੁਲਾਇਆ।ਖਾਲਸਾ ਪੰਥ ਦਾ ਸਾਜਨਾ ਦਿਵਸ ਪੂਰੀ ਦੁਨੀਆਂ ਵਿੱਚ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਵੱਲੋਂ ਇਸ ਸਾਲ ਬਹੁਤ ਹੀ ਜੋਸੋ ਖਰੋਸ ਨਾਲ ਮਨਾਇਆ ਜਾ ਰਿਹਾ ਹੈ ਤੇ ਇਟਲੀ ਵਿੱਚ ਵੀ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਲੈਕੇ ਸਿੱਖ ਸੰਗਤ ਦਾ ਉਤਸ਼ਾਹ ਕਾਬਲੇ ਤਾਰੀਫ ਹੈ।


ਪੂਰੀ ਇਟਲੀ ਵਿੱਚ ਸਜ ਰਹੇ ਨਗਰ ਕੀਰਤਨ ਵੱਖਰਾ ਨਜ਼ਾਰਾ ਪੇਸ਼ ਕਰ ਰਹੇ ਹਨ ਤੇ ਇਸ ਭਾਗਾਂ ਵਾਲੇ ਕਾਰਜ ਵਿੱਚ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਨਵੀਂ ਇਮਾਰਤ ਮਿਲੀਆਰਾ ਰੋਡ ਨੰਬਰ 47 ਪੁਨਤੀਨੀਆ (ਲਾਤੀਨਾ)ਵਿਖੇ 10 ਮਈ, 2026 ਦਿਨ ਐਤਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀ ਜੱਥੇ ਖਾਲਸਾ ਪੰਥ ਦਾ ਕੁਰਬਾਨੀਆਂ ਨਾਲ ਭਰਿਆ ਗੌਰਵਮਈ ਇਤਿਹਾਸ ਨੂੰ ਸੰਗਤ ਸਰਵਣ ਕਰਵਾਉਣਗੇ। ਗੁਰੂ ਦੀਆਂ ਲਾਡਲੀਆਂ ਫ਼ੌਜਾਂ ਗਤਕੇ ਦੇ ਸਿੰਘਾਂ ਵੱਲੋਂ ਗੱਤਕਾ ਕਲਾ ਦੇ ਹੈਰਤਅੰਗੇਜ ਕਾਰਨਾਮੇ ਦਿਖਾਏ ਜਾਣਗੇ। ਸਿੱਖ ਪੰਥ ਦੇ ਇਸ ਮਹਾ ਕੁੰਭ ਵਿੱਚ ਸਿੱਖ ਸੰਗਤ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਪੁਰਜੋਰ ਅਪੀਲ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
