ਪਾਉਂਟਾ ਸਾਹਿਬ ਪੁੱਜਿਆ ਕੌਮਾਂਤਰੀ ਨਗਰ ਕੀਰਤਨ, ਉਮੜਿਆ ਸੰਗਤਾਂ ਦਾ ਸੈਲਾਬ

Wednesday, Aug 14, 2019 - 11:51 AM (IST)

ਪਾਉਂਟਾ ਸਾਹਿਬ ਪੁੱਜਿਆ ਕੌਮਾਂਤਰੀ ਨਗਰ ਕੀਰਤਨ, ਉਮੜਿਆ ਸੰਗਤਾਂ ਦਾ ਸੈਲਾਬ

ਹਿਮਾਚਲ—  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਵੱਖ-ਵੱਖ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਪਾਉਂਟਾ ਸਾਹਿਬ ਪਹੁੰਚਿਆ। ਇਹ ਕੌਮਾਂਤਰੀ ਨਗਰ ਕੀਰਤਨ ਅੱਜ ਕਪਾਲ ਮੋਚਨ ਹਰਿਆਣਾ ਤੋਂ ਹੁੰਦੇ ਹੋਏ ਪਾਉਂਟਾ ਸਾਹਿਬ ਪਹੁੰਚਿਆ। ਅੱਜ ਰਾਤ ਇਹ ਨਗਰ ਕੀਰਤਨ ਦੇਹਰਾਦੂਨ ਵਿਚ ਰੁਕੇਗਾ। ਇਸ ਕੌਮਾਂਤਰੀ ਅਤੇ ਇਤਿਹਾਸਕ ਨਗਰ ਕੀਰਤਨ ਦਾ ਵਿਧਾਨ ਸਭਾ ਸਪੀਕਰ ਰਾਜੀਵ ਬਿੰਦਲ, ਡੀ. ਸੀ. ਸਿਰਮੌਰ ਸਮੇਤ ਜ਼ਿਲਾ ਪ੍ਰਸ਼ਾਸਨ ਅਤੇ ਸੈਂਕੜਿਆਂ ਦੀ ਗਿਣਤੀ 'ਚ ਪਾਉਂਟਾ ਸਾਹਿਬ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ। ਕੌਮਾਂਤਰੀ ਨਗਰ ਕੀਰਤਨ ਨੂੰ ਦੇਖਣ ਲਈ ਪਾਉਂਟਾ ਸ਼ਹਿਰ 'ਚ ਸੰਗਤਾਂ ਦੀ ਭੀੜ ਲੱਗ ਗਈ। ਨਗਰ ਕੀਰਤਨ ਯਮੁਨਾਨਗਰ ਦੇ ਰਸਤਿਓਂ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ 'ਚ ਦਾਖਲ ਹੋਇਆ। ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਤਕ ਥਾਂ-ਥਾਂ ਸੰਗਤ ਨਗਰ ਕੀਰਤਨ ਦਾ ਸਵਾਗਤ ਕਰਦੀ ਨਜ਼ਰ ਆਈ। 


ਇਸ ਮੌਕੇ ਵਿਧਾਨ ਸਭਾ ਸਪੀਕਰ ਡਾ. ਰਾਜੀਵ ਬਿੰਦਲ ਨੇ ਕਿਹਾ ਕਿ ਦੇਸ਼ ਲਈ ਮਾਣ ਦਾ ਦਿਨ ਹੈ। ਉਹ ਪ੍ਰਦੇਸ਼ ਸਰਕਾਰ ਵਲੋਂ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਹੁੰਚੇ ਇਸ ਇਤਿਹਾਸਕ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਆਏ ਹਨ। ਇਹ ਉਨ੍ਹਾਂ ਦੀ ਕਿਸਮਤ ਹੈ ਕਿ ਉਹ ਇਸ ਨਗਰ ਕੀਰਤਨ ਦਾ ਹਿੱਸਾ ਬਣੇ। ਇੱਥੇ ਦੱਸ ਦੇਈਏ ਕਿ ਕੌਮਾਂਤਰੀ ਨਗਰ ਕੀਰਤਨ 1 ਅਗਸਤ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ, ਜੋ ਕਿ 5 ਸੂਬਿਆਂ ਤੋਂ ਲੰਘਦੇ ਹੋਏ ਅੱਜ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਪਹੁੰਚਿਆ, ਜਿੱਥੇ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ।

ਇਸ ਮੌਕੇ ਪ੍ਰਸ਼ਾਸਨ ਦਰੁੱਸਤ ਦਿਖਾਈ ਦਿੱਤਾ ਅਤੇ ਚੱਪੇ-ਚੱਪੇ 'ਤੇ ਸੁਰੱਖਿਆ ਵਿਵਸਥਾ ਦੇ ਇੰਤਜ਼ਾਮ ਕੀਤੇ ਗਏ। ਨਗਰ ਕੀਰਤਨ ਦੇ ਸਵਾਗਤ ਲਈ ਪਾਉਂਟਾ ਸਾਹਿਬ ਗੁਰਦੁਆਰਾ ਪ੍ਰਬੰਧਕ  ਕਮੇਟੀ ਵਲੋਂ ਖਾਸ ਇੰਤਜ਼ਾਮ ਕੀਤੇ ਗਏ ਸਨ। ਹਾਲਾਂਕਿ 72 ਘੰਟਿਆਂ ਦੀ ਦੇਰੀ ਹੋਣ ਕਾਰਨ ਨਗਰ ਕੀਰਤਨ ਪਾਉਂਟਾ ਸਾਹਿਬ ਵਿਚ ਜ਼ਿਆਦਾ ਸਮਾਂ ਨਹੀਂ ਰੁਕ ਸਕਿਆ ਅਤੇ ਪਾਉਂਟਾ ਸਾਹਿਬ ਦੇ ਗੁਰਦੁਆਰਾ ਵਿਚ ਮੱਥਾ ਟੇਕਣ ਦੇ ਨਾਲ-ਨਾਲ ਦੇਹਰਾਦੂਨ ਲਈ ਰਵਾਨਾ ਹੋ ਗਿਆ।


author

Tanu

Content Editor

Related News