ਰਿਜ਼ੋਰਟ ਦੇ ਸਵੀਮਿੰਗ ਪੂਲ ''ਚ ਨਹਾਉਂਦੇ ਸਮੇਂ ਡੁੱਬੀਆਂ ਤਿੰਨ ਕੁੜੀਆਂ, ਘਟਨਾ ਸੀਸੀਟੀਵੀ ''ਚ ਕੈਦ
Sunday, Nov 17, 2024 - 04:43 PM (IST)
ਨੈਸ਼ਨਲ ਡੈਸਕ : ਮੈਸੂਰ 'ਚ 17 ਨਵੰਬਰ ਦੀ ਸਵੇਰ ਨੂੰ ਸੋਮੇਸ਼ਵਰ ਉਚੀਲਾ 'ਚ ਇੱਕ ਪ੍ਰਾਈਵੇਟ ਬੀਚ ਰਿਜੋਰਟ ਦੇ ਸਵੀਮਿੰਗ ਪੂਲ 'ਚ ਤਿੰਨ ਲੜਕੀਆਂ ਡੁੱਬ ਗਈਆਂ। ਪੀੜਤਾਂ ਦੀ ਪਛਾਣ ਕੁਰੂਬਰਹੱਲੀ ਫੋਰਥ ਕਰਾਸ ਦੀ ਨਿਸ਼ੀਤਾ ਐੱਮਡੀ (21) ਰਾਮਾਨੁਜ ਰੋਡ, ਕੇਆਰ ਇਲਾਕੇ ਦੀ ਪਾਰਵਤੀ ਐੱਸ (20) ਅਤੇ ਵਿਜੇਨਗਰ ਦੇ ਦੇਵਰਾਜ ਮੁਹੱਲੇ ਦੀ ਕੀਰਤਨਾ ਐੱਨ (21) ਤਿੰਨੋਂ ਮੈਸੂਰ ਦੀਆਂ ਰਹਿਣ ਵਾਲੀਆਂ ਸਨ।
ਲੜਕੀਆਂ 16 ਨਵੰਬਰ ਦੀ ਸਵੇਰ ਨੂੰ ਰਿਜ਼ੋਰਟ ਪਹੁੰਚੀਆਂ ਸਨ ਅਤੇ ਕਮਰਾ ਨੰਬਰ 2 'ਚ ਰੁਕੀਆਂ ਸਨ। ਐਤਵਾਰ ਸਵੇਰੇ 10 ਵਜੇ ਦੇ ਕਰੀਬ ਸਵਿਮਿੰਗ ਪੂਲ 'ਚ ਖੇਡਦੇ ਹੋਏ ਉਨ੍ਹਾਂ 'ਚੋਂ ਇਕ ਡੁੱਬਣ ਲੱਗੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਦੋ ਹੋਰ ਲੜਕੀਆਂ ਵੀ ਡੁੱਬ ਗਈਆਂ ਤੇ ਉਨ੍ਹਾਂ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਰਿਜ਼ੋਰਟ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਲੜਕੀਆਂ ਨੇ ਆਪਣੇ ਕੱਪੜੇ ਪੂਲ ਦੇ ਕਿਨਾਰੇ ਰੱਖੇ ਹੋਏ ਸਨ ਤੇ ਪਾਣੀ ਵਿੱਚ ਉਤਰਨ ਤੋਂ ਪਹਿਲਾਂ ਆਪਣੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਇੱਕ ਆਈਫੋਨ ਲਗਾ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਸ ਲਈ ਵਾਪਰਿਆ ਕਿਉਂਕਿ ਇਨ੍ਹਾਂ ਵਿੱਚੋਂ ਕੋਈ ਵੀ ਤੈਰਨਾ ਨਹੀਂ ਜਾਣਦੀ ਸੀ।
ਰਿਜ਼ੋਰਟ ਦੇ ਸਟਾਫ ਨੇ ਘਟਨਾ ਦਾ ਪਤਾ ਲਗਾਇਆ। ਸੀਸੀਟੀਵੀ ਫੁਟੇਜ 'ਚ ਪੂਲ 'ਚ ਸੰਘਰਸ਼ ਕਰ ਰਹੀਆਂ ਲੜਕੀਆਂ ਕੈਦ ਹੋ ਗਈਆਂ ਹਨ। ਮਾਮਲੇ 'ਚ ਉਲਾਲ ਥਾਣੇ ਦੇ ਇੰਸਪੈਕਟਰ ਐੱਚਐੱਨ ਬਾਲਕ੍ਰਿਸ਼ਨ ਦੀ ਅਗਵਾਈ ਹੇਠ ਇਕ ਟੀਮ ਨੇ ਮੌਕੇ ਦਾ ਦੌਰਾ ਕੀਤਾ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।