ਕੇਂਦਰ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਲਵੇ, ਮੇਰਾ ਪਰਿਵਾਰ ਰਾਜੋਆਣਾ ਦੀ ਰਿਹਾਈ ਦੀ ਅਪੀਲ ਕਰੇਗਾ : ਬਿੱਟੂ

Monday, Jan 11, 2021 - 12:55 AM (IST)

ਕੇਂਦਰ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਲਵੇ, ਮੇਰਾ ਪਰਿਵਾਰ ਰਾਜੋਆਣਾ ਦੀ ਰਿਹਾਈ ਦੀ ਅਪੀਲ ਕਰੇਗਾ : ਬਿੱਟੂ

ਨਵੀਂ ਦਿੱਲੀ, (ਏ. ਐੱਨ. ਆਈ.)- ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਕੇਂਦਰ ਸਰਕਾਰ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਲੈ ਲਵੇ ਤਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਦਾਦਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਕਾਂਡ ’ਚ ਸ਼ਾਮਲ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਅਪੀਲ ਕਰੇਗਾ। ਬਿੱਟੂ ਦਾ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ’ਚ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਬਲਵੰਤ ਸਿੰਘ ਰਾਜੋਆਣਾ, ਜੋ 2 ਦਹਾਕੇ ਤੋਂ ਜੇਲ੍ਹ ’ਚ ਹੈ, ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।

ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਬੀ ਟੀਮ ਹੈ। ਭਾਜਪਾ ਤੇ ਆਰ. ਐੱਸ. ਐੱਸ. ਦੇ ਕਹਿਣ ’ਤੇ ਬਲਵੰਤ ਸਿੰਘ ਰਾਜੋਆਣਾ, ਜਿਸ ਨੇ ਉਸ ਦੇ ਦਾਦਾ ਤੇ 17 ਹੋਰ ਲੋਕਾਂ ਦੀ ਹੱਤਿਆ ਕੀਤੀ ਸੀ, ਦੀ ਰਿਹਾਈ ਲਈ 26 ਜਨਵਰੀ ਤੋਂ ਪਹਿਲਾਂ ਸੁਪਰੀਮ ਕੋਰਟ ’ਚ ਸੁਣਵਾਈ ਲਈ ਅਰਜ਼ੀ ਦਾਖਲ ਕੀਤੀ ਗਈ ਹੈ। ਬਿੱਟੂ ਨੇ ਕਿਹਾ ਕਿ ਬਾਦਲ ਸਾਹਿਬ ਕਹਿੰਦੇ ਹਨ ਕਿ ਰਾਜੋਆਣਾ ਨੂੰ ਛੇਤੀ ਤੋਂ ਛੇਤੀ ਰਿਹਾਅ ਕੀਤਾ ਜਾਵੇ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਡੇ ਪਿਤਾ, ਜੋ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ, ਦੀ ਕੋਈ ਹੱਤਿਆ ਕਰ ਦੇਵੇ ਤਾਂ ਕੀ ਤੁਹਾਡਾ ਪੁੱਤਰ ਉਨ੍ਹਾਂ ਹੱਤਿਆਰਿਆਂ ਨੂੰ ਬਚਾਏਗਾ ਜਾਂ ਉਨ੍ਹਾਂ ਦੀ ਰਿਹਾਈ ਕਰਵਾਏਗਾ? ਜੇਕਰ ਭਾਜਪਾ ਚਾਹੁੰਦੀ ਹੈ ਕਿ ਰਾਜੋਆਣਾ ਰਿਹਾਅ ਹੋਵੇ ਤਾਂ ਸਾਡਾ ਪਰਿਵਾਰ ਸਾਰੇ ਦੋਸ਼ੀਆਂ ਦੀ ਰਿਹਾਈ ਲਈ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਚੀਫ ਜਸਟਿਸ ਤੇ ਸੀ. ਬੀ. ਆਈ. ਨੂੰ ਅਪੀਲ ਕਰੇਗਾ ਪਰ ਬਦਲੇ ’ਚ ਭਾਜਪਾ ਨੂੰ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਲੈਣੇ ਹੋਣਗੇ ਪਰ ਭਾਜਪਾ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ। ਇਸ ਲਈ ਰਾਜੋਆਣਾ ਦਾ ਮਾਮਲਾ ਲਿਆਂਦਾ ਗਿਆ ਹੈ।


author

Bharat Thapa

Content Editor

Related News