ਓਵੈਸੀ ਦਾ ਦਾਅਵਾ : ਦੇਸ਼ ’ਚ ਸਭ ਤੋਂ ਵੱਧ ਕੰਡੋਮ ਦੀ ਵਰਤੋਂ ਕਰਦੇ ਹਨ ਮੁਸਲਮਾਨ
Tuesday, Apr 30, 2024 - 12:43 PM (IST)
ਹੈਦਰਾਬਾਦ- ਲੋਕ ਸਭਾ ਚੋਣਾਂ 2024 ਲਈ 2 ਪੜਾਵਾਂ ਦੀ ਪੋਲਿੰਗ ਖਤਮ ਹੋ ਚੁੱਕੀ ਹੈ ਅਤੇ 5 ਪੜਾਵਾਂ ਦੀ ਚੋਣ ਅਜੇ ਬਾਕੀ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਨੇਤਾ ਲਗਾਤਾਰ ਚੋਣ ਪ੍ਰਚਾਰ ’ਚ ਲੱਗੇ ਹੋਏ ਹਨ। ਹਾਲਾਂਕਿ ਇਨ੍ਹਾਂ ਚੋਣਾਂ ’ਚ ਹੁਣ ਕੰਡੋਮ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਦੇ ਮੁਖੀ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਕ ਰੈਲੀ ’ਚ ਆਬਾਦੀ ਦੇ ਵਾਧੇ ’ਤੇ ਚਰਚਾ ਕਰਦੇ ਹੋਏ ਦਾਅਵਾ ਕੀਤਾ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਦੇਸ਼ ’ਚ ਸਭ ਤੋਂ ਵੱਧ ਕੰਡੋਮ ਦੀ ਵਰਤੋਂ ਕਰਦੇ ਹਨ।
ਏ. ਆਈ. ਐੱਮ. ਆਈ. ਐੱਮ. ਦੇ ਪ੍ਰਧਾਨ ਓਵੈਸੀ ਨੇ ਦੋਸ਼ ਲਗਾਇਆ ਕਿ ਪੀ. ਐੱਮ. ਮੋਦੀ ਦੇਸ਼ ’ਚ ਮੁਸਲਮਾਨਾਂ ਨੂੰ ਲੈ ਕੇ ਨਫਰਤ ਫੈਲਾ ਰਹੇ ਹਨ। ਓਵੈਸੀ ਨੇ ਕਿਹਾ ਕਿ ਮੁਸਲਮਾਨਾਂ ’ਚ ਆਬਾਦੀ ਵਾਧੇ ਅਤੇ ਪ੍ਰਜਨਨ ਦਰ ’ਚ ਕਾਫੀ ਕਮੀ ਆਈ ਹੈ। ਓਵੈਸੀ ਨੇ ਕਿਹਾ ਕਿ ਸਰਕਾਰੀ ਡਾਟਾ ਕਹਿੰਦਾ ਹੈ ਕਿ ਦੇਸ਼ ਦੇ ਮਰਦਾਂ ’ਚੋਂ ਸਭ ਤੋਂ ਵੱਧ ਕੰਡੋਮ ਦੀ ਵਰਤੋਂ ਮੁਸਲਮਾਨ ਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁੱਲ ਝੂਠ ਹੈ ਕਿ ਮੁਸਲਮਾਨ ਇਸ ਦੇਸ਼ ’ਚ ਜ਼ਿਆਦਾ ਹੋ ਜਾਣਗੇ। ਇਸ ਗੱਲ ਨੂੰ ਜਾਣਬੁੱਝ ਕੇ ਹਿੰਦੂਆਂ ਨੂੰ ਡਰਾਉਣ ਲਈ ਫੈਲਾਇਆ ਜਾਂਦਾ ਹੈ। ਓਵੈਸੀ ਨੇ ਕਿਹਾ ਕਿ ਇਸ ਦੇਸ਼ ’ਚ ਹਮੇਸ਼ਾ ਹਿੰਦੂ ਭਾਈਚਾਰੇ ਦੇ ਲੋਕ ਹੀ ਬਹੁ-ਗਿਣਤੀ ਰਹਿਣਗੇ। ਓਵੈਸੀ ਨੇ ਪੀ. ਐੱਮ. ਮੋਦੀ ’ਤੇ ਦਲਿਤਾਂ ਅਤੇ ਮੁਸਲਮਾਨਾਂ ਪ੍ਰਤੀ ਦੁਸ਼ਮਨੀ ਭੜਕਾਉਣ ਲਈ ਝੂਠ ਫੈਲਾਉਣ ਦਾ ਦੋਸ਼ ਲਗਾਇਆ।
ਦੂਜੇ ਪਾਸੇ ਪੀ. ਐੱਮ. ਮੋਦੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਦਾ ਸੰਵਿਧਾਨ ਸਾਰੇ ਘੱਟ-ਗਿਣਤੀਆਂ ਦੀ ਜਾਇਦਾਦ ਦੀ ਰੱਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਕਾਂਗਰਸ ਜਦ ਜਾਇਦਾਦ ਦੇ ਮੁੜ ਬਟਵਾਰੇ ਦੀ ਗੱਲ ਕਰਦੀ ਹੈ ਤਾਂ ਉਹ ਘੱਟ-ਗਿਣਤੀਆਂ ਦੀ ਜਾਇਦਾਦ ਨੂੰ ਛੂਹ ਨਹੀਂ ਸਕਦੀ ਹੈ, ਉਹ ਬਟਵਾਰੇ ਲਈ ਵਕਫ ਜਾਇਦਾਦਾਂ ’ਤੇ ਵਿਚਾਰ ਨਹੀਂ ਕਰ ਸਕਦੀ ਹੈ ਪਰ ਉਹ ਹੋਰ ਭਾਈਚਾਰਿਆਂ ਦੀ ਜਾਇਦਾਦ ’ਤੇ ਨਜ਼ਰ ਰੱਖੇਗੀ।