ਕੋਰੋਨਾ ਪੀੜਤ ਮੁਸਲਿਮ ਸ਼ਖਸ ਦੀ ਮੌਤ, ਕਬਰਸਤਾਨ ਦੇ ਟਰੱਸਟੀ ਨੇ ਦਫਨਾਉਣ ਤੋਂ ਕੀਤਾ ਇਨਕਾਰ

Thursday, Apr 02, 2020 - 06:20 PM (IST)

ਮੁੰਬਈ (ਭਾਸ਼ਾ)— ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਮ੍ਰਿਤਕ 65 ਸਾਲ ਦੇ ਇਕ ਮੁਸਲਿਮ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਮਜਬੂਰਨ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਨਾ ਪਿਆ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉੱਪ ਨਗਰ ਮਲਾਡ 'ਚ ਕਬਰਸਤਾਨ ਦੇ ਟਰੱਸਟੀ ਵਲੋਂ ਮ੍ਰਿਤਕ ਦੇਹ ਨੂੰ ਦਫਨਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਗਨੀ ਭੇਂਟ ਕਰਨਾ ਪਿਆ। ਇਹ ਘਟਨਾ ਬੁੱਧਵਾਰ ਦੀ ਹੈ। ਮ੍ਰਿਤਕ ਮਹਾਰਾਸ਼ਟਰ ਦੇ ਮਾਲਵਾਨੀ ਦੇ ਕਲੈਕਟਰ ਕੰਪਲੈਕਸ 'ਚ ਰਹਿੰਦਾ ਸੀ ਅਤੇ ਜੋਗੇਸ਼ਵਰੀ ਸਥਿਤ ਬੀ. ਐੱਮ. ਸੀ. ਹਸਪਤਾਲ 'ਚ ਬੁੱਧਵਾਰ ਤੜਕੇ ਉਸ ਦੀ ਮੌਤ ਹੋਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੋਸ਼ ਲਾਇਆ ਸੀ ਕਿ ਮ੍ਰਿਤਕ ਦੇਹ ਨੂੰ ਮਲਾਡ ਦੇ ਮਾਲਵਾਨੀ ਕਬਰਸਤਾਨ ਲਿਜਾਇਆ ਗਿਆ ਪਰ ਟਰੱਸਟੀ ਨੇ ਇਹ ਕਹਿ ਕੇ ਮ੍ਰਿਤਕ ਦੇਹ ਨੂੰ ਦਫਨਾਉਣ ਤੋਂ ਇਨਕਾਰ ਕਰ ਦਿੱਤਾ ਕਿ ਮ੍ਰਿਤਕ ਕੋਰੋਨਾ ਵਾਇਰਸ ਤੋਂ ਪੀੜਤ ਸੀ। 

ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਸਥਾਨਕ ਪੁਲਸ ਅਤੇ ਇਕ ਸਥਾਨਕ ਨੇਤਾ ਦੀ ਦਖਲ ਅੰਦਾਜ਼ੀ ਦੀ ਕੋਸ਼ਿਸ਼ ਕੀਤੀ ਅਤੇ ਟਰੱਸਟੀ ਨੂੰ ਮ੍ਰਿਤਕ ਦੇਹ ਨੂੰ ਦਫਨਾਉਣ ਦੀ ਆਗਿਆ ਦੇਣ ਦੀ ਅਪੀਲ ਕੀਤੀ ਪਰ ਉਹ ਨਹੀਂ ਮੰਨੇ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਕੁਝ ਸਮਾਜਿਕ ਵਰਕਰਾਂ ਨੇ ਦਖਲ ਦਿੱਤਾ ਅਤੇ ਨੇੜੇ ਸਥਿਤ ਹਿੰਦੂ ਸ਼ਮਸ਼ਾਨਘਾਟ 'ਚ ਲਾਸ਼ ਨੂੰ ਸਾੜਨ ਦੀ ਬੇਨਤੀ ਕੀਤੀ ਗਈ। ਪਰਿਵਾਰ ਦੀ ਸਹਿਮਤੀ ਤੋਂ ਬਾਅਦ ਅਖੀਰ ਸਵੇਰੇ 10 ਵਜੇ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕੀਤਾ ਗਿਆ।

ਓਧਰ ਮਹਾਰਾਸ਼ਟਰ ਦੇ ਮੰਤਰੀ ਅਤੇ ਮਾਲਵਾਨੀ ਤੋਂ ਵਿਧਾਇਕ ਅਸਲਮ ਸ਼ੇਖ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਰੋਨਾ ਵਾਇਰਸ ਪੀੜਤ ਮੁਸਲਿਮ ਦੀ ਮ੍ਰਿਤਕ ਦੇਹ ਨੂੰ ਉਸ ਸਥਾਨ ਦੇ ਨੇੜੇ ਕਬਰਸਤਾਨ 'ਚ ਦਫਨਾਇਆ ਜਾਣਾ ਚਾਹੀਦਾ ਹੈ, ਜਿੱਥੇ ਪੀੜਤ ਦਾ ਦਿਹਾਂਤ ਹੋਇਆ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਪਰਿਵਾਰ ਦੇ ਲੋਕ ਮ੍ਰਿਤਕ ਦੇਹ ਨੂੰ ਕਬਰਸਤਾਨ ਦੇ ਟਰੱਸਟੀ ਸਮੇਤ ਕਿਸੇ ਨੂੰ ਦੱਸੇ ਬਿਨਾਂ ਸਿੱਧੇ ਮਲਾਡ ਮਾਲਵਾਨੀ ਕਬਰਸਤਾਨ ਲੈ ਗਏ ਅਤੇ ਦਫਨਾਉਣ ਦੀ ਮੰਗ ਕਰਨ ਲੱਗੇ। ਸ਼ੇਖ ਨੇ ਕਿਹਾ ਕਿ ਮਹਾਨਗਰ ਪਾਲਿਕਾ ਕਰਮਚਾਰੀਆਂ 'ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਮ੍ਰਿਤਕ ਦੇਹ ਨੂੰ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਲੈ ਕੇ ਜਾਣ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਇਕ ਹੋਰ ਕੋਰੋਨਾ ਪੀੜਤ ਮ੍ਰਿਤਕ ਨੂੰ ਉਸ ਕਬਰਸਤਾਨ 'ਚ ਦਫਨਾਇਆ ਗਿਆ ਸੀ। 


Tanu

Content Editor

Related News