ਰਾਮਚਰਿਤਮਾਨਸ ’ਤੇ ਸਪਾ ਨੇਤਾ ਦੇ ਵਿਵਾਦਿਤ ਬਿਆਨ ’ਤੇ ਭੜਕਿਆ ਮੁਸਲਿਮ ਸਮਾਜ, ਜਾਣੋ ਕੀ ਕਿਹਾ
Sunday, Jan 29, 2023 - 12:48 PM (IST)
ਨਵੀਂ ਦਿੱਲੀ– ਮੁਸਲਿਮ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਦੁਆਰਾ ਰਾਮਚਰਿਤਮਾਨਸ ਵਿਰੁੱਧ ਇਤਰਾਜ਼ਯੋਗ ਟਿੱਪਣੀ ਕੀਤੇ ਜਾਣ ਦੀ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਨੂੰ ਬਿਆਨ ਵਾਪਸ ਲੈ ਕੇ ਮਾਫੀ ਮੰਗਣ ਲਈ ਕਿਹਾ ਹੈ। ਮੌਰੀਆ ਨੇ ਬੀਤੇ ਐਤਵਾਰ ਨੂੰ ਤੁਲਸੀਦਾਸ ਦੁਆਰਾ ਰਚਿਤ ਸ਼੍ਰੀ ਰਾਮਚਰਿਤਮਾਨਸ ਦੇ ਕੁਝ ਹਿੱਸਿਆਂ ’ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ ਕਿ ਉਨ੍ਹਾਂ ਨਾਲ ਸਮਾਜ ਦੇ ਇਕ ਵੱਡੇ ਤਬਕੇ ਦਾ ਜਾਤੀ, ਵਰਣ ਅਤੇ ਵਰਗ ਦੇ ਆਧਾਰ ’ਤੇ ਅਪਮਾਨ ਹੁੰਦਾ ਹੈ।
ਦਰਗਾਹ ਆਲਾ ਹਜ਼ਰਤ ਨਾਲ ਜੁੜੇ ਸੰਗਠਨ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਰਜ਼ਵੀ ਬਰੇਲਵੀ ਨੇ ਕਿਤਾਬ ਰਾਮਚਰਿਤਮਾਨਸ ’ਤੇ ਸਵਾਮੀ ਪ੍ਰਸਾਦ ਮੌਰੀਆ ਅਤੇ ਚੰਦਰਸ਼ੇਖਰ ਵੱਲੋਂ ਦਿੱਤੇ ਗਏ ਬਿਆਨ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਬਿਆਨਾਂ ਨਾਲ ਭਾਰਤ ਦਾ ਮੁਸਲਮਾਨ ਇੱਤਫ਼ਾਕ ਨਹੀਂ ਰੱਖਦਾ ਅਤੇ ਕਿਸੇ ਵੀ ਧਰਮ ਦੀਆਂ ਧਾਰਮਿਕ ਕਿਤਾਬਾਂ ’ਤੇ ਟਿੱਪਣੀ ਜਾਂ ਆਲੋਚਨਾ ਨੂੰ ਜਾਇਜ਼ ਨਹੀਂ ਮੰਨਦਾ। ਉਨ੍ਹਾਂ ਕਿਹਾ ਕਿ ਕੁਰਾਨ ਸ਼ਰੀਫ਼ ’ਚ ਕਿਹਾ ਗਿਆ ਹੈ ਕਿ ਕਿਸੇ ਵੀ ਧਾਰਮਿਕ ਚੀਜ਼ਾਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ, ਇਸਲਾਮ ਦੇ ਪੈਰੋਕਾਰ ਇਸ ਗੱਲ ’ਤੇ ਪੂਰੀ ਤਰ੍ਹਾਂ ਅਮਲ ਕਰਦੇ ਹਨ।
ਮੌਲਾਨਾ ਨੇ ਕਿਹਾ ਕਿ ਕਿਤਾਬ ਰਾਮਚਰਿਤਮਾਨਸ ਕਰੋੜਾਂ ਲੋਕਾਂ ਦੀ ਆਸਥਾ ਅਤੇ ਅਕੀਦਤ ਦੀ ਕਿਤਾਬ ਹੈ ਇਸਦੀ ਆਲੋਚਨਾ ਕਰਨਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਸਮਾਜਵਾਦੀ ਪਾਰਟੀ ਦੇ ਨੇਤਾ ਸਵਾਮੀ ਪ੍ਰਸਾਦ ਮੌਰੀਆ ਅਤੇ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਜੇਕਰ ਇਹ ਸਮਝਦੇ ਹਨ ਕਿ ਇਸ ਤਰ੍ਹਾਂ ਦੇ ਗਲਤ ਅਤੇ ਫਾਲਤੂ ਬਿਆਨਾਂ ਨਾਲ ਉੱਤਰ-ਪ੍ਰਦੇਸ਼ ਦੇ ਮੁਸਲਮਾਨ ਖੁਸ਼ ਹੋਣਗੇ ਤਾਂ ਇਹ ਉਨ੍ਹਾਂ ਦੀ ਗਲਤ ਫਹਿਮੀ ਹੈ, ਉਨ੍ਹਾਂ ਨੂੰ ਆਪਣੀ ਗਲਤ ਫਹਿਮੀ ਦਿਮਾਗ ’ਚੋਂ ਕੱਢ ਦੇਣੀ ਚਾਹੀਦੀ ਹੈ।
ਮੌਲਾਮਾ ਨੇ ਪੁੱਛਦੇ ਹੋਏ ਕਿਹਾ ਕਿ ਅਖਿਲੇਸ਼ ਯਾਦਵ ਨੇ ਆਪਣੇ ਨੇਤਾ ਨੂੰ ਇਸ ਮਜ਼ਹਬੀ ਕਿਤਾਬ ਦੀ ਨਿੰਦਾ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਅਤੇ ਇਜਾਜ਼ਤ ਨਹੀਂ ਦਿੱਤੀ ਤਾਂ ਕੱਲ੍ਹ ਮੁਲਾਕਾਤ ਦੌਰਾਨ ਸਜ਼ਾ ਕਿਉਂ ਨਹੀਂ ਦਿੱਤੀ? ਅਸੀ ਇਹ ਸਮਝਦੇ ਹਾਂ ਕਿ ਇਸ ਕਿਤਾਬ ਦੀ ਨਿੰਦਾ ਕਰਵਾਉਣ ਦੇ ਪਿੱਛੇ ਅਖਿਲੇਸ਼ ਯਾਦਵ ਦਾ ਹੱਥ ਹੈ ਅਤੇ ਜੇਕਰ ਨਹੀਂ ਹੈ ਤਾਂ ਖੁੱਲ੍ਹ ਕੇ ਸਾਹਮਣੇ ਆਉਣ ਅਤੇ ਸਵਾਮੀ ਪ੍ਰਸਾਦ ਮੌਰੀਆ ਨੂੰ ਬਿਆਨ ਵਾਪਸ ਲੈ ਕੇ ਮਾਫੀ ਮੰਗਵਾਉਣ।