ਮੁਰਲੀ ਮਨੋਹਰ ਜੋਸ਼ੀ ਨੇ ਅਡਵਾਨੀ ਨਾਲ ਉਨ੍ਹਾਂ ਦੇ ਘਰ ਕੀਤੀ ਮੁਲਾਕਾਤ
Friday, Apr 05, 2019 - 05:31 PM (IST)
ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਨੇ ਸ਼ੁੱਕਰਵਾਰ ਨੂੰ ਲਾਲਕ੍ਰਿਸ਼ਨ ਅਡਵਾਨੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਅਡਵਾਨੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨੇ ਖੁਦ ਤੋਂ ਸਿਆਸੀ ਰੂਪ ਨਾਲ ਅਸਹਿਮਤੀ ਜ਼ਾਹਰ ਕਰਨ ਵਾਲਿਆਂ ਨੂੰ ਕਦੇ 'ਦੇਸ਼ਧ੍ਰੋਹੀ' ਨਹੀਂ ਮੰਨਿਆ ਹੈ। ਅਡਵਾਨੀ ਦੀ ਇਹ ਟਿੱਪਣੀ ਇਸ ਲਈ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਬਾਲਾਕੋਟ ਹਵਾਈ ਹਮਲਿਆਂ ਤੋਂ ਬਾਅਦ ਵਿਰੋਧੀ ਦਲਾਂ ਨੂੰ ਦੇਸ਼ਧ੍ਰੋਹੀ ਦੱਸਿਆ ਸੀ।
ਬੈਠਕ 'ਚ ਹੋਈ ਗੱਲਬਾਤ 'ਤੇ ਟਿੱਪਣੀ ਨਹੀਂ ਕੀਤੀ
ਸੂਤਰਾਂ ਨੇ ਦੱਸਿਆ ਕਿ ਜੋਸ਼ੀ, ਅਡਵਾਨੀ ਦੇ ਘਰ ਪਹੁੰਚੇ ਅਤੇ ਉਨ੍ਹਾਂ ਨਾਲ ਵਿਚਾਰ ਕੀਤਾ। ਦੋਹਾਂ ਨੇਤਾਵਾਂ ਨੇ ਬੈਠਕ 'ਚ ਹੋਈ ਗੱਲਬਾਤ 'ਤੇ ਕੋਈ ਟਿੱਪਣੀ ਨਹੀਂ ਕੀਤੀ। ਅਡਵਾਨੀ ਅਤੇ ਜੋਸ਼ੀ ਉਨ੍ਹਾਂ ਸੀਨੀਅਰ ਨੇਤਾਵਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਲੜਨ ਲਈ ਟਿਕਟ ਨਹੀਂ ਦਿੱਤਾ ਗਿਆ ਹੈ। ਅਡਵਾਨੀ (91) ਭਾਜਪਾ ਦੇ ਸੰਸਥਾਪਕਾਂ 'ਚੋਂ ਇਕ ਹਨ ਅਤੇ ਉਹ ਸਭ ਤੋਂ ਲੰਬੇ ਸਮੇਂ ਤੱਕ ਪਾਰਟੀ ਦੇ ਪ੍ਰਧਾਨ ਰਹੇ। ਉਹ ਸਾਲ 1991 ਦੇ ਬਾਅਦ ਤੋਂ 6 ਵਾਰ ਗਾਂਧੀਨਗਰ ਸੰਸਦੀ ਸੀਟ ਤੋਂ ਜਿੱਤੇ। ਪਾਰਟੀ ਦੇ ਸੰਸਥਾਪਕਾਂ 'ਚ ਸ਼ਾਮਲ ਜੋਸ਼ੀ ਵੀ ਭਾਜਪਾ ਦੇ ਤੀਜੇ ਪ੍ਰਧਾਨ ਰਹੇ ਹਨ। ਉਨ੍ਹਾਂ ਨੂੰ ਕਾਨਪੁਰ ਤੋਂ ਟਿਕਟ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਭਾਜਪਾ ਦੇ ਜਨਰਲ ਸਕੱਤਰ (ਸੰਗਠਨ) ਰਾਮ ਲਾਲ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਪਾਰਟੀ ਅਗਵਾਈ ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ।
