ਟ੍ਰਿਪਲ ਮਰਡਰ ਨਾਲ ਦਹਿਲਿਆ ਗੁਰੂਗ੍ਰਾਮ, CNG ਪੰਪ ਦੇ 3 ਕਾਮਿਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Monday, Feb 28, 2022 - 01:13 PM (IST)

ਗੁਰੂਗ੍ਰਾਮ– ਦਿੱਲੀ ਨਾਲ ਲੱਗਦੇ ਸਾਈਬਰ ਸਿਟੀ ਗੁਰੂਗ੍ਰਾਮ ’ਚ ਇਕ CNG ਪੰਪ ’ਤੇ ਤਿੰਨ ਕਾਮਿਆਂ ਦਾ ਕਤਲ ਨਾਲ ਦਹਿਸ਼ਤ ਫੈਲ ਗਈ। ਸ਼ਹਿਰ ਦੇ ਸੈਕਟਰ-31 ’ਚ ਇਕ CNG ਪੰਪ ’ਤੇ ਤਿੰਨ ਕਾਮਿਆਂ ਦਾ ਐਤਵਾਰ ਦੇਰ ਰਾਤ ਕੁਝ ਲੋਕਾਂ ਨੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਘਟਨਾ ਐਤਵਾਰ ਦੇਰ ਰਾਤ ਕਰੀਬ 2 ਵਜ ਕੇ 40 ਮਿੰਟ ਦੀ ਹੈ। ਕੁਝ  ਲੋਕਾਂ ਨੇ ਇਨ੍ਹਾਂ ਕਾਮਿਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਭੁਪਿੰਦਰ, ਪੁਸ਼ਪਿੰਦਰ ਅਤੇ ਨਰੇਸ਼ ਦੇ ਤੌਰ ’ਤੇ ਹੋਈ ਹੈ। ਪੁਲਸ ਨੇ ਦੱਸਿਆ ਕਿ ਹਮਲਾਵਰਾਂ ਦੀ ਭਾਲ ਜਾਰੀ ਹੈ।

ਲਾਸ਼ਾਂ ਨੂੰ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਗਿਆ ਹੈ। ਪੁਲਸ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਹਮਲਾ ਲੁੱਟ-ਖੋਹ ਦੇ ਮਕਸਦ ਨਾਲ ਕੀਤਾ ਗਿਆ। ਹਾਲਾਂਕਿ ਹੋਰ ਪਹਿਲੂਆਂ ਨੂੰ ਧਿਆਨ ’ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ’ਚ ਅਜੇ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ ਹੈ।

ਪੁਲਸ ਮੁਤਾਬਕ 2 ਲਾਸ਼ਾਂ ਪੰਪ ਪ੍ਰਬੰਧਕ ਦੇ ਕਮਰੇ ’ਚ ਬਰਾਮਦ ਹੋਈਆਂ ਅਤੇ ਇਕ ਬਾਹਰ ਪਈ ਮਿਲੀ। ਭੁਪਿੰਦਰ ਦੇ ਭਰਾ ਧਰਮਿੰਦਰ ਨੇ ਦੱਸਿਆ ਕਿ ਤੜਕੇ ਇਕ  ਫੋਨ ਆਉਣ ’ਤੇ ਮੈਂ ਉਠਿਆ, CNG ਪੰਪ ਪਹੁੰਚਿਆ ਤਾਂ ਮੈਂ ਆਪਣੇ ਭਰਾ ਭੁਪਿੰਦਰ ਨੂੰ ਮ੍ਰਿਤਕ ਵੇਖਿਆ। ਮੇਰਾ ਭਰਾ ਪੰਪ ’ਤੇ ਆਪਰੇਟਰ ਦਾ ਕੰਮ ਕਰਦਾ ਸੀ। ਧਰਮਿੰਦਰ ਨੇ ਅੱਗੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਕਿਸ ਨੇ ਕੀਤਾ, ਇਹ ਅਜੇ ਪਤਾ ਨਹੀਂ ਲੱਗ ਸਕਿਆ। ਪੁਲਸ ਕਮਿਸ਼ਨਰ ਕਲਾ ਰਾਮਚੰਦਰਨ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।


Tanu

Content Editor

Related News