ਪੱਛਮੀ ਬੰਗਾਲ ''ਚ ਨਗਰ ਨਿਗਮ ਭਰਤੀ ਘਪਲਾ, ਹੋਵੇਗੀ ਸੀ. ਬੀ. ਆਈ. ਜਾਂਚ
Sunday, Apr 23, 2023 - 10:10 AM (IST)
ਕੋਲਕਾਤਾ- ਕਲਕੱਤਾ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਪੱਛਮੀ ਬੰਗਾਲ ’ਚ ਨਗਰ ਨਿਗਮ ’ਚ ਭਰਤੀਆਂ ’ਚ ਘਪਲੇ ਦੀ ਜਾਂਚ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਅਧਿਆਪਕ ਭਰਤੀ ਘਪਲੇ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਵੱਲੋਂ ਕੀਤੀ ਗਈ ਜਾਂਚ ਦੇ ਨਤੀਜਿਆਂ ’ਤੇ ਨੋਟਿਸ ਲਿਆ। ਈ. ਡੀ. ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਅਧਿਆਪਕ ਭਰਤੀ ਘਪਲੇ ਦੇ ਸੰਬੰਧ ’ਚ ਗ੍ਰਿਫ਼ਤਾਰ ਅਯਾਨ ਸਿਲ ਵਰਗਾ ਏਜੰਟ ਪੱਛਮੀ ਬੰਗਾਲ ’ਚ ਵੱਖ-ਵੱਖ ਨਗਰ ਨਿਗਮਾਂ ’ਚ ਕਲਰਕ, ਸਫਾਈ ਕਰਮਚਾਰੀ, ਚੌਥੀ ਸ਼੍ਰੇਣੀ ਦੇ ਕਰਮਚਾਰੀ, ਚਾਲਕ ਆਦਿ ਦੀ ਭਰਤੀ ’ਚ ਕਥਿਤ ਬੇਨਿਯਮੀਆਂ ’ਚ ਵੀ ਸ਼ਾਮਲ ਸੀ।
ਜਸਟਿਸ ਅਭਿਜੀਤ ਗੰਗੋਪਾਧਿਆਏ ਨੇ ਹੁਕਮ ’ਚ ਕਿਹਾ, ‘‘ਮੈਂ ਸੀ. ਬੀ. ਆਈ. ਨੂੰ ਨਗਰਪਾਲਿਕਾ ਭਰਤੀ ਘਪਲੇ ਦੀ ਜਾਂਚ ਕਰਨ ਦਾ ਵੀ ਹੁਕਮ ਦਿੰਦਾ ਹਾਂ, ਜਿਸ ’ਚ ਅਯਾਨ ਸਿਲ ਵਰਗੇ ਸਾਂਝੇ ਏਜੰਟ ਅਤੇ ਲਾਭਪਾਤਰੀ ਸ਼ਾਮਲ ਹਨ ਅਤੇ ਦੋਵਾਂ ਮਾਮਲਿਆਂ (ਅਧਿਆਪਕ ਭਰਤੀ ਘਪਲਾ ਅਤੇ ਨਗਰਪਾਲਿਕਾ ਭਰਤੀ ਘਪਲਾ) ’ਚ ਪੀੜਤ ਜਨਤਾ ਹੈ।’’ ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਸੀ. ਬੀ. ਆਈ. ਕਥਿਤ ਨਗਰਪਾਲਿਕਾ ਭਰਤੀ ਘਪਲੇ ਦੇ ਸਬੰਧ ’ਚ ਮਾਮਲੇ ਦੀ ਜਾਂਚ ਲਈ ਕੇਸ ਦਰਜ ਕਰ ਸਕਦੀ ਹੈ। ਅਦਾਲਤ ਨੇ ਕਿਹਾ ਕਿ ਈ. ਡੀ. ਵੱਲੋਂ ਦਰਜ ਇਕ ਅਰਜ਼ੀ ਨਾਲ ਇਸ ਘਪਲੇ ਦਾ ਖ਼ੁਲਾਸਾ ਹੋਇਆ ਹੈ। ਅਦਾਲਤ ਨੇ ਸੀ. ਬੀ. ਆਈ. ਨੂੰ 28 ਅਪ੍ਰੈਲ ਨੂੰ ਰਿਪੋਰਟ ਦਾਖਲ ਕਰਨ ਦਾ ਹੁਕਮ ਦਿੱਤਾ।