26/11 ਮੁੰਬਈ ਅੱਤਵਾਦੀ ਹਮਲੇ ਦਾ ਮੁੱਖ ਸਾਜਿਸ਼ਕਰਤਾ ਤਹਿਵੁਰ ਰਾਣਾ ਅਮਰੀਕਾ ''ਚ ਗ੍ਰਿਫ਼ਤਾਰ

Saturday, Jun 20, 2020 - 10:28 AM (IST)

26/11 ਮੁੰਬਈ ਅੱਤਵਾਦੀ ਹਮਲੇ ਦਾ ਮੁੱਖ ਸਾਜਿਸ਼ਕਰਤਾ ਤਹਿਵੁਰ ਰਾਣਾ ਅਮਰੀਕਾ ''ਚ ਗ੍ਰਿਫ਼ਤਾਰ

ਮੁੰਬਈ— 26/11 ਮੁੰਬਈ ਅੱਤਵਾਦੀ ਹਮਲੇ ਵਿਚ ਵਾਂਟੇਡ ਪਾਕਿਸਤਾਨੀ ਅੱਤਵਾਦੀ ਤਹਿਵੁਰ ਹੁਸੈਨ ਰਾਣਾ ਨੂੰ ਅਮਰੀਕੀ ਅਥਾਰਿਟੀ ਨੇ ਗ੍ਰਿਫ਼ਤਾਰ ਕੀਤਾ ਹੈ। ਅਮਰੀਕੀ ਅਥਾਰਟੀ ਨੇ ਹੁਸੈਨ ਰਾਣਾ ਨੂੰ ਲਾਸ ਏਂਜਲਸ ਤੋਂ ਗ੍ਰਿਫ਼ਤਾਰ ਕੀਤਾ ਹੈ। ਹੁਸੈਨ ਦੋ ਦਿਨ ਪਹਿਲਾਂ ਹੀ ਅਮਰੀਕਾ ਵਿਚ ਜੇਲ ਤੋਂ ਰਿਹਾਅ ਹੋਇਆ ਸੀ ਪਰ ਅਥਾਰਟੀ ਨੇ ਭਾਰਤ ਵਲੋਂ ਹਵਾਲਗੀ ਲਈ ਬੇਨਤੀ ਕੀਤੇ ਜਾਣ ਤੋਂ ਬਾਅਦ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤ ਲਗਾਤਾਰ ਅਮਰੀਕਾ ਤੋਂ ਉਸ ਦੀ ਹਵਾਲਗੀ ਦੀ ਮੰਗ ਵੀ ਕਰ ਰਿਹਾ ਹੈ। ਦੱਸ ਦੇਈਏ ਕਿ ਹੁਸੈਨ ਰਾਣਾ ਪਾਕਿਸਤਾਨੀ ਮੂਲ ਦੇ ਅਮਰੀਕੀ ਅੱਤਵਾਦੀ ਡੇਵਿਡ ਹੇਡਲੀ ਦਾ ਸਹਿਯੋਗੀ ਰਿਹਾ ਹੈ ਅਤੇ ਉਸ ਨੇ 26/11 ਅੱਤਵਾਦੀ ਹਮਲਿਆਂ ਦੀ ਸਾਜਿਸ਼ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। 

ਦੱਸਿਆ ਜਾ ਰਿਹਾ ਹੈ ਕਿ ਹੁਸੈਨ ਨੇ ਇਕ ਪਟੀਸ਼ਨ ਲਾਈ ਸੀ, ਜਿਸ ਵਿਚ ਉਸ ਨੇ ਕੋਰੋਨਾ ਪਾਜ਼ੇਟਿਵ ਹੋਣ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਉਸ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਅਮਰੀਕੀ ਏਜੰਸੀਆਂ ਨੇ ਉਸ ਨੂੰ ਭਾਰਤ ਵਲੋਂ ਲਾਏ ਗਏ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਹੈ ਪਰ ਭਾਰਤੀ ਏਜੰਸੀਆਂ ਦੀ ਹੁਸੈਨ 'ਤੇ ਪੂਰੀ ਨਜ਼ਰ ਸੀ, ਜਿਸ ਨੂੰ ਧਿਆਨ ਵਿਚ ਰੱਖਦਿਆਂ ਉਸ ਨੂੰ ਇਕ ਵਾਰ ਮੁੜ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਸੈਨ ਨੂੰ ਜੂਰੀ ਨੇ 10 ਜੂਨ 2011 ਨੂੰ ਦੋਸ਼ੀ ਠਹਿਰਾਇਆ ਸੀ। ਉਸ ਨੂੰ ਲਕਸ਼ਰ-ਏ-ਤੋਇਬਾ ਦੀ ਮਦਦ ਕਰਨ ਦੇ ਜ਼ੁਰਮ ਵਿਚ ਦੋਸ਼ੀ ਠਹਿਰਾਇਆ ਗਿਆ ਸੀ। 

ਦੱਸਣਯੋਗ ਹੈ ਕਿ ਰਾਣਾ ਨੂੰ ਮੁੰਬਈ 26/11 ਹਮਲੇ ਦੀ ਸਾਜਿਸ਼ ਰਚਣ ਦੇ ਮਾਮਲੇ ਵਿਚ 2009 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਲਕਸ਼ਰ-ਏ-ਤੋਇਬਾ ਦੇ 10 ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ ਅਮਰੀਕੀ ਨਾਗਰਿਕਾਂ ਸਮੇਤ ਕਰੀਬ 166 ਲੋਕਾਂ ਦੀ ਜਾਨ ਗਈ ਸੀ। ਪੁਲਸ ਨੇ 9 ਅੱਤਵਾਦੀਆਂ ਨੂੰ ਮੌਕੇ 'ਤੇ ਮਾਰ ਦਿੱਤਾ ਅਤੇ 1 ਜ਼ਿੰਦਾ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਅਜ਼ਮਲ ਕਸਾਬ ਨੂੰ ਪੁਣੇ ਦੀ ਯਰਵਦਾ ਜੇਲ ਵਿਚ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।


author

Tanu

Content Editor

Related News