ਮੁੰਬਈ ’ਚ ਦਰਦਨਾਕ ਹਾਦਸਾ : ਉਸਾਰੀ ਅਧੀਨ ਇਮਾਰਤ ’ਚ ਲਿਫਟ ਟੁੱਟਣ ਨਾਲ 4 ਲੋਕਾਂ ਦੀ ਮੌਤ
Sunday, Jul 25, 2021 - 01:20 AM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਰਲੀ ’ਚ ਸ਼ਨੀਵਾਰ ਨੂੰ ਇਕ ਉਸਾਰੀ ਅਧੀਨ ਇਮਾਰਤ ’ਚ ਲਿਫਟ ਡਿਗਣ ਨਾਲ 4 ਲੋਕਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ। ਬਰਿਹਾਨਮੁੰਬਈ ਨਗਰ ਨਿਗਮ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਆਦਿੱਤਯ ਠਾਕਰੇ ਘਟਨਾ ਸਥਾਨ ’ਤੇ ਪਹੁੰਚੇ।
4 people died, one injured after a lift collapsed at an under-constructed building in Worli, Mumbai. Injured have been shifted to the hospital: Brihanmumbai Municipal Corporation (BMC)#Maharashtra pic.twitter.com/6yMAEopgNb
— ANI (@ANI) July 24, 2021
ਠਾਕਰੇ ਨੇ ਕਿਹਾ ਕਿ ਪਹਿਲੀ ਨਜ਼ਰੇ ਲੱਗਦਾ ਹੈ ਕਿ ਓਵਰਲੋਡਿੰਗ ਕਾਰਨ ਇਹ ਲਿਫਟ ਡਿਗ ਗਈ। ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਆਦਿੱਤਯ ਠਾਕਰੇ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ 2-3 ਲੋਕਾਂ ਦੀ ਲਿਫਟ ਸੀ, ਜਿਸ ’ਚ 6 ਲੋਕ ਗਏ ਸਨ। ਉਸ ’ਚ ਸ਼ਾਇਦ ਓਵਰਲੋਡ ਹੋਇਆ, ਜਿਸ ਕਾਰਨ ਲਿਫਟ ਡਿਗ ਗਈ। ਜਾਂਚ ਚੱਲ ਰਹੀ ਹੈ। ਅਸੀਂ 1 ਜ਼ਖਮੀ ਵਿਅਕਤੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।
ਇਹ ਵੀ ਪੜ੍ਹੋ : ਚੀਨ ’ਚ ਗੋਦਾਮ ਨੂੰ ਲੱਗੀ ਭਿਆਨਕ ਅੱਗ, 14 ਲੋਕਾਂ ਦੀ ਮੌਤ ਤੇ ਦਰਜਨਾਂ ਝੁਲਸੇ
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 5.45 ਵਜੇ ਵਾਪਰਿਆ। ਉਸਾਰੀ ਅਧੀਨ ਇਮਾਰਤ ਹਨੂਮਾਨ ਗਲੀ ’ਚ ਬੀ. ਡੀ. ਡੀ. ਚਾਲ ਕੋਲ ਹੈ। ਉਨ੍ਹਾਂ ਦੱਸਿਆ ਕਿ ਪੁਲਸ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਨਾ ਮਿਲਦੇ ਹੀ ਮੌਕੇ ’ਤੇ ਭੇਜਿਆ ਗਿਆ। ਹਾਦਸੇ ’ਚ ਕੁਲ ਛੇ ਲੋਕ ਜ਼ਖ਼ਮੀ ਹੋਏ ਸਨ। ਇਨ੍ਹਾਂ ’ਚੋਂ ਇਕ ਨੂੰ ਪਰੇਲ ਦੇ ਕੇ. ਈ. ਐੱਮ. ਹਸਪਤਾਲ ’ਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ, ਜਦਕਿ ਤਿੰਨ ਹੋਰ ਲੋਕਾਂ ਨੂੰ ਨਾਇਰ ਹਸਪਤਾਲ ’ਚ ਲਿਜਾਇਆ ਗਿਆ ਸੀ, ਜਿਥੇ ਉਨ੍ਹਾਂ ਨੂੰ ਬਾਅਦ ’ਚ ਮ੍ਰਿਤਕ ਐਲਾਨ ਦਿੱਤਾ ਗਿਆ।