ਗਰਮੀ ਨੇ ਝੰਬੇ UP, ਬਿਹਾਰ ਅਤੇ ਓਡੀਸ਼ਾ ਵਾਸੀ, 3 ਦਿਨਾਂ ਅੰਦਰ 50 ਤੋਂ ਵਧੇਰੇ ਲੋਕਾਂ ਦੀ ਮੌਤ

Monday, Jun 19, 2023 - 11:03 AM (IST)

ਗਰਮੀ ਨੇ ਝੰਬੇ UP, ਬਿਹਾਰ ਅਤੇ ਓਡੀਸ਼ਾ ਵਾਸੀ, 3 ਦਿਨਾਂ ਅੰਦਰ 50 ਤੋਂ ਵਧੇਰੇ ਲੋਕਾਂ ਦੀ ਮੌਤ

ਬਲੀਆ/ਪਟਨਾ/ਭੁਵਨੇਸ਼ਵਰ (ਏਜੰਸੀ)- ਭਿਆਨਕ ਗਰਮੀ ਅਤੇ ਲੂ ਦਾ ਕਹਿਰ ਕਈ ਸੂਬਿਆਂ ’ਚ ਜਾਨਲੇਵਾ ਸਾਬਤ ਹੋ ਰਿਹਾ ਹੈ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਓਡੀਸ਼ਾ ’ਚ ਗਰਮੀ, ਲੂ ਅਤੇ ਗਰਮੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਝਾਰਖੰਡ ਦੇ ਵੱਖ-ਵੱਖ ਹਿੱਸਿਆਂ ’ਚ ਜਾਰੀ ਤੇਜ਼ ਗਰਮੀ ਅਤੇ ਲੂ ਕਾਰਨ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ ਹੁਣ ਬੁੱਧਵਾਰ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ, ਜਦਕਿ 9ਵੀਂ ਤੋਂ 12ਵੀਂ ਜਮਾਤ ਦੀਆਂ ਕਲਾਸਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਚੱਲਣਗੀਆਂ। ਇਸ ਤੋਂ ਪਹਿਲਾਂ 8 ਜਮਾਤ ਤੱਕ ਦੇ ਸਕੂਲਾਂ ਨੂੰ 17 ਜੂਨ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਨ। ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ’ਚ ਪਿਛਲੇ 3 ਦਿਨਾਂ ’ਚ ਭਿਆਨਕ ਗਰਮੀ ਅਤੇ ਲੂ ਕਾਰਨ 54 ਲੋਕਾਂ ਦੀ ਮੌਤ ਹੋ ਗਈ ਹੈ। ਓਧਰ, ਮੁੱਖ ਸਿਹਤ ਅਧਿਕਾਰੀ ਨੇ ਦਾਅਵਾ ਕੀਤਾ ਕਿ ਜ਼ਿਲੇ ’ਚ ਹੁਣ ਤੱਕ 2 ਲੋਕਾਂ ਦੀ ਮੌਤ ਹੋਈ ਹੈ ਅਤੇ ਬਾਕੀ ਮਰੀਜ਼ਾਂ ਦੀ ਮੌਤ ਹੋਰ ਕਾਰਨਾਂ ਕਰ ਕੇ ਹੋਈ ਹੈ। ਜ਼ਿਲ੍ਹਾ ਹਸਪਤਾਲ ਦੇ ਇੰਚਾਰਜ ਚੀਫ਼ ਮੈਡੀਕਲ ਸੁਪਰਡੈਂਟ ਡਾ. ਐੱਸ.ਕੇ. ਯਾਦਵ ਨੇ ਦੱਸਿਆ ਕਿ ਜ਼ਿਲਾ ਹਸਪਤਾਲ ’ਚ ਰੋਜ਼ਾਨਾ 125 ਤੋਂ 135 ਮਰੀਜ਼ ਦਾਖ਼ਲ ਹੋ ਰਹੇ ਹਨ।

ਇਹ ਵੀ ਪੜ੍ਹੋ : ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਨਵਜਨਮੇ ਦੀ ਲਾਸ਼ ਥੈਲੇ 'ਚ ਲੈ ਕੇ ਪਰਤਿਆ ਬੇਬੱਸ ਪਿਤਾ

ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ’ਚ 15 ਜੂਨ ਨੂੰ 154 ਮਰੀਜ਼ ਦਾਖ਼ਲ ਹੋਏ ਸਨ, ਜਿਨ੍ਹਾਂ ’ਚ ਵੱਖ-ਵੱਖ ਕਾਰਨਾਂ ਕਰ ਕੇ 23 ਮਰੀਜ਼ਾਂ ਦੀ ਮੌਤ ਹੋ ਗਈ ਸੀ। 16 ਜੂਨ ਨੂੰ 20 ਅਤੇ 17 ਜੂਨ ਨੂੰ 11 ਮਰੀਜ਼ਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਤਿੰਨ ਦਿਨਾਂ ’ਚ ਵੱਖ-ਵੱਖ ਕਾਰਨਾਂ ਕਰ ਕੇ 54 ਲੋਕਾਂ ਦੀ ਮੌਤ ਹੋ ਗਈ ਹੈ। ਬਿਹਾਰ ਦੀ ਰਾਜਧਾਨੀ ਪਟਨਾ ਦੇ 2 ਵੱਡੇ ਹਸਪਤਾਲਾਂ ’ਚ 2 ਦਿਨਾਂ ’ਚ 35 ਮਰੀਜ਼ਾਂ ਦੀ ਮੌਤ ਹੋ ਗਈ। ਇੰਨਾ ਹੀ ਨਹੀਂ ਪੀ. ਐੱਮ. ਸੀ. ਐੱਚ. ’ਚ ਇਸ ਦੌਰਾਨ 105 ਲੋਕ ਅਤੇ ਐੱਨ.ਐੱਮ.ਸੀ.ਐੱਚ. ’ਚ 110 ਲੋਕ ਗਰਮੀ ਅਤੇ ਇਸ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਹੋ ਕੇ ਦਾਖ਼ਲ ਕਰਵਾਏ ਗਏ ਹਨ। ਓਡਿਸ਼ਾ ’ਚ ਭਿਆਨਕ ਗਰਮੀ ਅਤੇ ਨਮੀ ਵਾਲੇ ਮੌਸਮ ਦੇ ਵਿਚਕਾਰ ਸੂਬਾ ਸਰਕਾਰ ਨੇ ਲੂ ਤੋਂ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ ਮ੍ਰਿਤਕ ਪਰਿਵਾਰ ਲਈ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਨੂੰ ਮਨਜ਼ੂਰੀ ਦਿੱਤੀ ਹੈ। ਮ੍ਰਿਤਕ ਬਾਲਾਸੋਰ ਜ਼ਿਲ੍ਹੇ ਦਾ ਇਕ ਅੱਧਖੜ ਉਮਰ ਦਾ ਵਿਅਕਤੀ ਸੀ। ਹੁਣ ਤੱਕ ਲੂ ਕਾਰਨ ਕਥਿਤ ਤੌਰ ’ਤੇ 20 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News