34 ਵਰ੍ਹਿਆਂ ਬਾਅਦ ਸ਼੍ਰੀਨਗਰ ’ਚ ਨਿਕਲਿਆ ਮੁਹੱਰਮ ਦਾ ਜਲੂਸ
Friday, Jul 28, 2023 - 12:16 PM (IST)

ਸ੍ਰੀਨਗਰ, (ਯੂ. ਐੱਨ. ਆਈ.)- ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿਚ 34 ਵਰ੍ਹਿਆਂ ਦੇ ਵਕਫ਼ੇ ਮਗਰੋਂ ਵੀਰਵਾਰ ਨੂੰ ਸ਼ਹਿਰ ਤੋਂ ਮੁਹੱਰਮ ਦਾ ਜਲੂਸ ਕੱਢਿਆ ਗਿਆ। ਜਿੱਥੇ ਸਰਕਾਰ ਨੇ ਇਸ ਨੂੰ ‘ਇਤਿਹਾਸਕ’ ਘਟਨਾ ਕਰਾਰ ਦਿੱਤਾ, ਉੱਥੇ ਹੀ ਸੋਗ ਮਨਾਉਣ ਵਾਲੇ ਲੋਕ ਰਵਾਇਤੀ ਰੂਟ ਤੋਂ ਲੰਘਦੇ ਜਲੂਸ ਦਾ ਹਿੱਸਾ ਬਣ ਨ ਲਈ ਭਾਵੁਕ ਨਜ਼ਰ ਆਏ। ਰਵਾਇਤੀ ਰੂਟ ’ਤੇ 8ਵੇਂ ਮੁਹੱਰਮ ਦਾ ਜਲੂਸ ਕੱਢਣ ਲਈ ਸੈਂਕੜੇ ਸ਼ੀਆ ਸ਼ਰਧਾਲੂ ਸਵੇਰੇ-ਸਵੇਰੇ ਸ਼੍ਰੀਨਗਰ ਦੀਆਂ ਸੜਕਾਂ ’ਤੇ ਨਿਕਲੇ।
ਕਾਲੇ ਲਿਬਾਸ ਪਹਿਨੇ ਮਾਤਮੀ ਲੋਕ ਸ਼ਾਂਤਮਈ ਸਤੁਤੀ ਅਤੇ ਨੌਹਾ ਪੜ੍ਹਦੇ ਹੋਏ ਚੱਲੇ। ਸ਼ੋਕ ਮਨਾਉਣ ਵਾਲਿਆਂ ਨੇ ਗੁਰੂ ਬਾਜ਼ਾਰ ਤੋਂ ਜਲੂਸ ਸ਼ੁਰੂ ਕੀਤਾ ਅਤੇ ਇਹ ਕਰਨ ਨਗਰ, ਬੁਦਸ਼ਾਹ ਚੌਂਕ, ਮੌਲਾਨਾ ਆਜ਼ਾਦ ਰੋਡ ਤੋਂ ਹੁੰਦਾ ਹੋਇਆ ਡਲਗੇਟ ਪਹੁੰਚਿਆ ਜਿਥੇ ਇਹ ਸ਼ਾਂਤਮਈ ਸੰਪੰਨ ਹੋਇਆ। ਇਕ ਦਰਸ਼ਕ ਨੇ ਕਿਹਾ ਕਿ ਇਹ ਸਾਡੇ ਲਈ ਇਕ ਭਾਵਨਾਤਮਕ ਦਿਨ ਹੈ। ਮੁਹੱਰਮ ਦੇ ਜਲੂਸ ਗੁਰੂ ਬਾਜ਼ਾਰ ਤੋਂ ਨਿਕਲਣ ਬਾਰੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀ ਅਤੇ ਅੱਜ ਜਦੋਂ ਮੁਹੱਰਮ ਦਾ ਜਲੂਸ ਉਸੇ ਸੜਕ ਤੋਂ ਲੰਘਿਆ ਤਾਂ ਅਸੀਂ ਭਾਵੁਕ ਹੋ ਗਏ।
ਸ਼ੀਆ ਸ਼ੋਕ ਮਨਾਉਣ ਵਾਲੇ ਪੁਰਾਣੇ ਸ਼ਹਿਰ ਦੇ ਵਸਨੀਕ ਜ਼ਫਰ ਨੇ ਕਿਹਾ ਕਿ ਅਸੀਂ 34 ਵਰ੍ਹਿਆਂ ਬਾਅਦ ਜਲੂਸ ਕੱਢਣ ਦੀ ਇਜਾਜ਼ਤ ਦੇਣ ਲਈ ਪ੍ਰਸ਼ਾਸਨ ਦੇ ਧੰਨਵਾਦੀ ਹਾਂ। 80 ਦੇ ਦਹਾਕੇ ਦੇ ਅਖੀਰ ਵਿਚ ਮੁਹੱਰਮ ਜਲੂਸ ’ਤੇ ਪਾਬੰਦੀ ਲੱਗਣ ਤੋਂ ਬਾਅਦ ਕਈ ਨੌਜਵਾਨ ਹਰ ਸਾਲ ਮੁਹੱਰਮ ਦੇ 8ਵੇਂ ਦਿਨ ਰਵਾਇਤੀ ਮਾਰਗ ’ਤੇ ਮਾਰਚ ਕਰਨ ਦੀ ਕੋਸ਼ਿਸ਼ ਕਰਦੇ ਸਨ ਪਰ ਪੁਲਸ ਰੋਕ ਦਿੰਦੀ ਸੀ।
ਉਮਰ ਨੇ ਮੁਹੱਰਮ ਜਲੂਸ ਦੀ ਇਜਾਜ਼ਤ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਸ਼੍ਰੀਨਗਰ ਵਿਚ 8ਵੇਂ ਮੁਹੱਰਮ ਜਲੂਸ ਨੂੰ ਰਵਾਇਤੀ ਮਾਰਗਾਂ ਤੋਂ ਲੰਘਣ ਦੀ ਇਜਾਜ਼ਤ ਦੇਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਨਾਲ ਹੀ ਮੀਰਵਾਈਜ ਉਮਰ ਫਾਰੂਕ ਦੀ ਘਰ ਵਿਚ ਨਜ਼ਰਬੰਦੀ ਤੋਂ ਰਿਹਾਈ ਦੀ ਵੀ ਮੰਗ ਕੀਤੀ।