ਨਵੇਂ ਸੰਸਦ ਭਵਨ ''ਚ ਸਾਈਬਰ ਸੁਰੱਖਿਆ ਨੂੰ ਲੈ ਕੇ ਸੰਸਦ ਮੈਂਬਰਾਂ ਨੇ ਪ੍ਰਗਟਾਈ ਚਿੰਤਾ

11/24/2023 5:28:23 PM

ਨਵੀਂ ਦਿੱਲੀ (ਭਾਸ਼ਾ)- ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਨਵੇਂ ਸੰਸਦ ਭਵਨ 'ਚ ਸਾਈਬਰ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਬੈਂਕਾਂ ਤੋਂ ਜਨਤਾ ਦੀ ਵਿੱਤੀ ਜਾਇਦਾਦਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ। ਸੰਸਦ ਮੈਂਬਰਾਂ ਨੇ ਦੇਸ਼ 'ਚ ਸਾਈਬਰ ਸੁਰੱਖਿਆ ਜਾਗਰੂਕਤਾ ਵਧਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਅਤੇ ਇਸ ਲਈ 'ਸਾਈਬਰ ਚੇਤਨਾ ਸੂਚਕਾਂਕ' ਵਿਕਸਿਤ ਕਰਨ ਦੀ ਅਪੀਲ ਕੀਤੀ। ਸੂਚਨਾ ਅਤੇ ਸੰਚਾਰ ਤਕਨਾਲੋਜੀ ਪ੍ਰਬੰਧਨ 'ਤੇ ਰਾਜ ਸਭਾ ਦੀ ਕਮੇਟੀ ਦੀ ਇਕ ਬੈਠਕ ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਐੱਨ.ਡੀ. ਗੁਪਤਾ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ ਮੰਤਰਾਲਾ ਦੇ ਸਕੱਤਰ ਨੇ ਸਾਈਬਰ ਸੁਰੱਖਿਆ ਦੇ ਮੁੱਦਿਆਂ ਅਤੇ ਮੰਤਰਾਲਾ ਤੇ ਉਸ ਦੇ ਅਧੀਨ ਆਉਣ ਵਾਲੇ ਸੰਗਠਨਾਂ ਦੇ ਤੌਰ-ਤਰੀਕਿਆਂ 'ਤੇ ਮੈਂਬਰਾਂ ਦੇ ਸਾਹਮਣੇ ਇਕ ਪੇਸ਼ਕਾਰੀ ਦਿੱਤੀ। ਕਮੇਟੀ ਦੀ ਬੈਠਕ ਨੂੰ ਮੈਂਬਰਾਂ ਨੇ ਸੰਬੋਧਨ ਕੀਤਾ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਅਤੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਅਧਿਕਾਰੀਆਂ ਦੇ ਵਿਚਾਰਾਂ ਨੂੰ ਸੁਣਿਆ। 

ਇਹ ਵੀ ਪੜ੍ਹੋ : ਉੱਤਰਕਾਸ਼ੀ ਸੁਰੰਗ ਹਾਦਸਾ : ਫਸੇ ਹੋਏ ਮਜ਼ਦੂਰਾਂ ਦਾ ਤਣਾਅ ਦੂਰ ਕਰਨ ਲਈ ਲੂਡੋ, ਸ਼ਤਰੰਜ ਤੇ ਤਾਸ਼ ਭੇਜਣ ਦੀ ਯੋਜਨਾ

ਇਸ ਦੌਰਾਨ ਇਕ ਪੇਸ਼ਕਾਰੀ ਵੀ ਦਿੱਤੀ ਗਈ, ਜਿਸ 'ਚ ਸਾਈਬਰ ਸੁਰੱਖਿਆ ਵਧਾਉਣ ਅਤੇ ਸੰਸਦ ਦੇ ਨਵੇਂ ਭਵਨ ਨੂੰ ਸੁਰੱਖਿਅਤ ਕਰਨ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਦੱਸਿਆ ਗਿਆ। ਕਮੇਟੀ ਦੇ ਮੈਂਬਰਾਂ ਨੇ ਅਧਿਕਾਰੀਆਂ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਅਤੇ ਪ੍ਰਸ਼ਨਾਂ ਨੂੰ ਚੁੱਕਿਆ। ਵਿੱਤੀ ਸੇਵਾ ਵਿਭਾਗ (ਡੀ.ਐੱਫ.ਐੱਸ.) ਦੇ ਸਕੱਤਰ ਅਤੇ ਪੰਜਾਬ ਨੈਸ਼ਨਲ  ਬੈਂਕ ਦੇ ਪ੍ਰਤੀਨਿਧੀਆਂ ਨੇ ਵੀ ਰੈਗੂਲੇਟਰੀ ਢਾਂਚੇ ਅਤੇ ਸਾਈਬਰ ਸੁਰੱਖਿਆ ਅਤੇ ਡਿਜੀਟਲ ਪਛਾਣ/ਡਿਜੀਟਲ ਭੁਗਤਾਨ ਲਈ ਤੰਤਰ ਲਾਗੂ ਕਰਨ 'ਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਉਪਾਵਾਂ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ 'ਤੇ ਆਪਣੇ ਵਿਚਾਰ ਜ਼ਾਹਰ ਕੀਤੇ। ਸੂਤਰਾਂ ਨੇ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਕਿ ਜਨਤਾ ਦੀਆਂ ਵਿੱਤੀ ਜਾਇਦਾਦਾਂ ਸੁਰੱਖਿਅਤ ਰਹਿਣ। ਉਨ੍ਹਾਂ ਨੇ ਇਸ ਨਾਲ ਜੁੜੇ ਮੁੱਦਿਆਂ 'ਤੇ ਕਈ ਸਵਾਲ ਵੀ ਪੁੱਛੇ। ਸੂਤਰਾਂ ਨੇ ਦੱਸਿਆ ਕਿ ਸਾਈਬਰ ਸੁਰੱਖਿਆ 'ਚ ਧੋਖਾਧੜੀ ਦੇ ਵਧਦੇ ਮਾਮਲਿਆਂ ਦਰਮਿਆਨ ਕਮੇਟੀ ਨਜ਼ਦੀਕੀ ਭਵਿੱਖ 'ਚ ਨਿੱਜੀ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਬੁਲਾ ਸਕਦੀ ਹੈ ਅਤੇ ਮੈਂਬਰ ਜਲਦ ਹੀ ਮੁੰਬਈ ਸਥਿਤ ਇਕ ਹੈੱਡ ਕੁਆਰਟਰ ਦਾ ਦੌਰਾ ਕਰਨਗੇ ਤਾਂ ਕਿ ਇਸ ਸੰਬੰਧ 'ਚ ਬੈਂਕਾਂ ਵਲੋਂ ਚੁੱਕੇ ਗਏ ਕਦਮਾਂ ਦੀ ਜਾਂਚ ਕੀਤੀ ਜਾ ਸਕੇ। ਹੁਣ ਤੱਕ, ਪੈਨਲ ਨੇ ਭਾਰਤੀ ਸਟੇਟ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੂੰ ਬੁਲਾਇਆ ਹੈ ਅਤੇ ਇਸ ਮੁੱਦੇ 'ਤੇ ਆਪਣੀਆਂ ਚਿੰਤਾਵਾਂ ਨੂੰ ਚੁੱਕਿਆ ਹੈ। ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨ.ਆਈ.ਸੀ.) ਵਲੋਂ ਨਵੇਂ ਸੰਸਦ ਭਵਨ 'ਚ ਸੰਸਦ ਮੈਂਬਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਚੁੱਕੇ ਗਏ ਕਦਮਾਂ ਦੀ ਵੀ ਅਧਿਕਾਰੀਆਂ ਵੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੇ ਇਸ ਮੁੱਦੇ 'ਤੇ ਮੈਂਬਰਾਂ ਦੀਆਂ ਚਿੰਤਾਵਾਂ ਦਾ ਜਵਾਬ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News