MP ਸਾਹਨੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ, ਸ਼ਹੀਦ ਭਗਤ ਸਿੰਘ ਨੂੰ ਲੈ ਕੇ ਕੀਤੀ ਇਹ ਮੰਗ

03/23/2023 8:25:06 PM

ਨਵੀਂ ਦਿੱਲੀ/ਚੰਡੀਗੜ੍ਹ (ਬਿਊਰੋ) : ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਵਿਦੇਸ਼ੀ ਚੁੰਗਲ ਤੋਂ ਆਜ਼ਾਦ ਕਰਾਉਣ ਲਈ ਕੌਮੀ ਆਜ਼ਾਦੀ ਸੰਘਰਸ਼ ਦੀ ਦਿਸ਼ਾ ’ਚ ਨੌਜਵਾਨਾਂ ਨੂੰ ਆਪਣੀ ਵਿਚਾਰਧਾਰਾ ਨਾਲ ਲਾਮਬੰਦ ਕਰਕੇ ਮਹਾਨ ਕੁਰਬਾਨੀ ਦਿੱਤੀ। ਅੱਜ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸ਼ਹੀਦ ਭਗਤ ਸਿੰਘ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਇਹ ਯੂਥ ਆਈਕੌਨ ਸ਼ਹੀਦ ਭਗਤ ਸਿੰਘ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਬਹੁਤ ਛੋਟੀ ਉਮਰ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 93ਵੇਂ ਸ਼ਹੀਦੀ ਦਿਵਸ ਦੇ ਇਤਿਹਾਸਕ ਮੌਕੇ ’ਤੇ ਸਾਹਨੀ ਨੇ ਗ੍ਰਹਿ ਮੰਤਰੀ ਨੂੰ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕਰਨ ਦੀ ਬੇਨਤੀ ਕੀਤੀ।

ਅੱਜ ਦੇ ਦਿਨ ਪੰਜਾਬ ਦੇ ਬਹਾਦਰ ਪੁੱਤਰਾਂ, ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੇ ਭਾਰਤ ਮਾਤਾ ਦੀ ਖਾਤਿਰ ਲਾਸਾਨੀ ਕੁਰਬਾਨੀ ਦੇ ਕੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਸੀ। ਜੇਲ੍ਹ ਵਿਚ 116 ਦਿਨਾਂ ਦੀ ਸਖ਼ਤ ਭੁੱਖ ਹੜਤਾਲ ਨੇ ਅਧਿਕਾਰੀਆਂ ਨੂੰ ਪਹਿਲਾਂ ਅਤੇ ਬਾਅਦ ਵਿਚ ਸਿਆਸੀ ਕੈਦੀਆਂ ਦਾ ਬਿਹਤਰ ਇਲਾਜ ਕਰਨ ਲਈ ਮਜਬੂਰ ਕਰ ਦਿੱਤਾ। ਸ਼ਹੀਦ ਭਗਤ ਸਿੰਘ ਨੇ 8 ਅਪ੍ਰੈਲ 1929 ਨੂੰ ਜਨਤਕ ਗੈਲਰੀ ਤੋਂ ਵਿਧਾਨ ਸਭਾ (ਹੁਣ ਪਾਰਲੀਮੈਂਟ) ਵਿਚ ਸਾਮਰਾਜਵਾਦ ਪ੍ਰਤੀ ਆਪਣੀ ਅਸੰਤੁਸ਼ਟੀ ਬਾਰੇ ਪੰਫਲੇਟ ਸਮੇਤ ਗ਼ੈਰ-ਹਾਨੀਕਾਰਕ ਆਵਾਜ਼ ਵਾਲੇ ਬੰਬ ਸੁੱਟੇ ਸਨ।

ਸਾਹਨੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਵਾਰ-ਵਾਰ ਸ਼ਹੀਦ ਭਗਤ ਸਿੰਘ ਪ੍ਰਤੀ ਆਪਣਾ ਸਤਿਕਾਰ ਅਤੇ ਪ੍ਰਸ਼ੰਸਾ ਪ੍ਰਗਟ ਕੀਤੀ ਹੈ। ਇਸ ਦੇਸ਼ ਦੇ ਨੀਤੀ ਨਿਰਮਾਤਾ ਹੋਣ ਦੇ ਨਾਤੇ ਇਹ ਸਾਡਾ ਫ਼ਰਜ਼ ਅਤੇ ਜ਼ਿੰਮੇਵਾਰੀ ਹੈ ਕਿ ਅਸੀਂ ਨੌਜਵਾਨਾਂ ਨੂੰ ਆਪਣੇ ਰਾਸ਼ਟਰੀ ਨਾਇਕਾਂ ਤੋਂ ਜਾਣੂ ਕਰਵਾਈਏ ਅਤੇ ਉਨ੍ਹਾਂ ਨੂੰ ਸਹੀ ਸ਼ਰਧਾਂਜਲੀ ਭੇਟ ਕਰੀਏ।


Manoj

Content Editor

Related News