ਮੱਧ ਪ੍ਰਦੇਸ਼ ਕਾਂਗਰਸ ’ਚ ਘਮਾਸਾਨ? ਮੰਤਰੀ ਨੇ ਦਿੱਗਵਿਜੇ ਸਿੰਘ ’ਤੇ ਲਗਾਏ ਦੋਸ਼

09/03/2019 1:39:33 AM

ਭੋਪਾਲ - ਮੱਧ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੇ ਨਵਾਂ ਪ੍ਰਧਾਨ ਚੁਣੇ ਜਾਣ ਤੋਂ ਲੈ ਕੇ ਪਾਰਟੀ ਵਿਚ ਗੁੱਟਬਾਜ਼ੀ ਦੀਆਂ ਅਟਕਲਾਂ ’ਤੇ ਪੂਰੀ ਤਰ੍ਹਾਂ ਵਿਰ੍ਹਾਮ ਵੀ ਨਹੀਂ ਲੱਗ ਸਕਿਆ ਸੀ ਕਿ ਹੁਣ ਰਾਜ ਸਰਕਾਰ ਨੂੰ ਲੈ ਕੇ ਪਾਰਟੀ ਦੇ ਸਾਹਮਣੇ ਨਵਾਂ ਸੰਕਟ ਖੜ੍ਹਾ ਹੋ ਗਿਆ। ਮੱਧ ਪ੍ਰਦੇਸ਼ ਦੇ ਇਕ ਮੰਤਰੀ ਦਾ ਦਾਅਵਾ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਕਮਲਨਾਥ ਸਰਕਾਰ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮੰਤਰੀ ਦਾ ਦਾਅਵਾ ਹੈ ਕਿ ਦਿਗਵਿਜੇ ਖੁਦ ਨੂੰ ਪਾਵਰ ਸੈਂਟਰ ਸਥਾਪਿਤ ਕਰਨ ਵਿਚ ਲੱਗੇ ਹੋਏ ਹਨ। ਰਾਜ ਸਰਕਾਰ ਦੇ ਕਈ ਮੰਤਰੀਆਂ ਨੇ ਦੱਬੇ ਸੁਰ ਵਿਚ ਦਿਗਵਿਜੇ ਸਿੰਘ ਉੱਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਸਹੀ ਦੱਸਿਆ ਹੈ । ਰਾਜ ਦੇ ਵਣ ਮੰਤਰੀ ਉਮੰਗ ਸਿੰਘਾਰ ਨੇ ਇਸ ਬਾਬਤ ਸੋਨੀਆ ਗਾਂਧੀ ਨੂੰ ਪੱਤਰ ਵੀ ਲਿਖਿਆ ਸੀ । ਸਿੰਘਾਰ ਨੇ ਸਿੱਧੇ ਤੌਰ ’ਤੇ ਦਿਗਵਿਜੇ ਸਿੰਘ ਉੱਪਰ ਪਰਦੇ ਦੇ ਪਿੱਛੇ ਸਰਕਾਰ ਚਲਾਉਣ ਦਾ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ ਕਈ ਮੰਤਰੀ ਦੱਬੇ ਸੁਰ ਵਿਚ ਸਰਕਾਰ ਵਿਚ ਸਿੰਘ ਦੀ ਦਖਲਅੰਦਾਜ਼ੀ ’ਤੇ ਸਵਾਲ ਉਠਾ ਰਹੇ ਹਨ। ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਬੀਤੇ ਦਿਨ ਮੰਤਰੀਆਂ ਦੇ ਨਾਂ ਇਕ ਪੱਤਰ ਲਿਖਿਆ ਸੀ। ਪੱਤਰ ਵਿਚ ਉਨ੍ਹਾਂ ਨੇ ਮੰਤਰੀਆਂ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ ਸੀ ।

ਓਧਰ ਦਿਗਵਿਜੇ ਸਿੰਘ ਦੇ ਇਕ ਬਿਆਨ ਨੂੰ ਲੈ ਕੇ ਉਨ੍ਹਾਂ ਖਿਲਾਫ ਯੂ. ਪੀ. ’ਚ ਭਾਜਪਾ ਦੇ ਇਕ ਨੇਤਾ ਨੇ ਸੰਭਲ ਜ਼ਿਲੇ ਦੇ ਚੰਦੌਸੀ ਥਾਣੇ ’ਚ ਮੁਕੱਦਮਾ ਦਰਜ ਕਰਵਾਇਆ। ਪੁਲਸ ਨੇ ਦੱਸਿਆ ਕਿ ਥਾਣੇ ’ਚ ਭਾਜਪਾ ਦੇ ਸਿਟੀ ਜਨਰਲ ਸੈਕਟਰੀ ਸਤੀਸ਼ ਅਰੋੜਾ ਨੇ ਦਿਗਵਿਜੇ ਦੇ ਕਥਿਤ ਬਿਆਨ ਨੂੰ ਲੈ ਕੇ ਉਸ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਹੋਏ ਮੁਕੱਦਮਾ ਦਰਜ ਕਰਵਾਇਆ ਹੈ।


Inder Prajapati

Content Editor

Related News