ਸੰਸਦ ਮੈਂਬਰਾਂ ਅਤੇ ਆਮ ਲੋਕਾਂ ਦੀ ਜਾਇਦਾਦ ਵਿਚਾਲੇ ਵਧਿਆ ''ਫਰਕ''

Tuesday, May 28, 2019 - 05:29 PM (IST)

ਸੰਸਦ ਮੈਂਬਰਾਂ ਅਤੇ ਆਮ ਲੋਕਾਂ ਦੀ ਜਾਇਦਾਦ ਵਿਚਾਲੇ ਵਧਿਆ ''ਫਰਕ''

ਮੁੰਬਈ— ਸੰਸਦ ਮੈਂਬਰਾਂ ਅਤੇ ਉਨ੍ਹਾਂ ਦੇ ਵੋਟਰਾਂ ਵਿਚਾਲੇ ਆਮਦਨ ਦਾ ਫਰਕ ਜ਼ਿਆਦਾ ਵਧ ਗਿਆ ਹੈ। ਇਕ ਸੰਸਦ ਮੈਂਬਰ ਦੀ ਔਸਤ ਜਾਇਦਾਦ ਇਕ ਔਸਤ ਟੈਕਸਦਾਤਾ ਦੀ ਸਾਲਾਨਾ ਆਮਦਨ ਦੀ ਤੁਲਨਾ 'ਚ 345.8 ਗੁਣਾ ਵੱਧ ਹੈ। ਇਸ ਦਾ ਮਤਲਬ ਹੈ ਕਿ ਇਕ ਔਸਤ ਟੈਕਸਦਾਤਾ ਨੂੰ ਲੋਕ ਸਭਾ ਦੇ ਸੰਸਦ ਮੈਂਬਰ ਦੀ ਔਸਤ ਜਾਇਦਾਦ ਦੇ ਬਰਾਬਰ ਕਮਾਉਣ 'ਚ 345.8 ਸਾਲ ਲੱਗਣਗੇ। ਸਾਲ 2014 ਵਿਚ ਸੰਸਦ ਮੈਂਬਰ ਦੀ ਔਸਤ ਜਾਇਦਾਦ ਔਸਤ ਟੈਕਸਦਾਤਾ ਤੋਂ 299.8 ਗੁਣਾ ਵੱਧ ਸੀ। ਪਹਿਲਾਂ ਦੇ ਸਾਲਾਂ ਦੇ ਆਮਦਨ ਟੈਕਸ ਦੇ ਅੰਕੜੇ ਉਪਲੱਬਧ ਨਹੀਂ ਹਨ। ਇਹ ਅੰਕੜਾ ਆਮਦਨ ਟੈਕਸ ਅੰਕੜਿਆਂ ਦੇ ਆਧਾਰ 'ਤੇ ਕੁੱਲ ਆਮਦਨ 'ਤੇ ਆਧਾਰਿਤ ਹੈ। ਕੁੱਲ ਆਮਦਨ ਵਿਚ ਤਨਖਾਹ, ਕਾਰੋਬਾਰੀ ਆਮਦਨ ਅਤੇ ਕਿਰਾਏ ਤੋਂ ਹੋਣ ਵਾਲੀ ਆਮਦਨ ਸ਼ਾਮਲ ਹੈ। ਇਹ ਵਿਸ਼ਲੇਸ਼ਣ 2016-17 ਦੇ ਅੰਕੜਿਆਂ 'ਤੇ ਆਧਾਰਿਤ ਹੈ। ਅਜੇ ਵਿੱਤੀ ਸਾਲ 2017 ਦੇ ਅੰਕੜੇ ਹੀ ਉਪਲੱਬਧ ਹਨ। ਸੰਸਦ ਮੈਂਬਰਾਂ ਦੀ ਜਾਇਦਾਦ ਦੇ ਅੰਕੜੇ ਹਾਲ ਹੀ ਵਿਚ ਹੋਈਆਂ ਚੋਣਾਂ 'ਚ ਉਨ੍ਹਾਂ ਵਲੋਂ ਦਿੱਤੇ ਗਏ ਹਲਫਨਾਮੇ 'ਤੇ ਆਧਾਰਿਤ ਹੈ। ਗੈਰ ਸਰਕਾਰੀ ਸੰਗਠਨਾਂ ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਮਰਜ਼ ਦੀ ਰਿਪੋਰਟ ਵਿਚ ਇਹ ਅੰਕੜੇ ਦਿੱਤੇ ਗਏ ਹਨ।

PunjabKesari

ਸਾਲ 2014 ਤੋਂ 2019 ਵਿਚਾਲੇ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 7.3 ਫੀਸਦੀ ਦੀ ਸਾਲਾਨਾ ਦਰ ਨਾਲ ਵਧੀ ਹੈ। ਟੈਕਸਦਾਤਾਵਾਂ ਦੀ ਕੁੱਲ ਆਮਦਨ ਵਿੱਤੀ ਸਾਲ 2014 ਤੋਂ ਵਿੱਤੀ ਸਾਲ 2017 ਦੌਰਾਨ 7.2 ਫੀਸਦੀ ਦੀ ਦਰ ਨਾਲ ਵਧੀ। ਇਸ ਦੌਰਾਨ ਉਨ੍ਹਾਂ ਦੀ ਔਸਤ ਕੁੱਲ ਆਮਦਨ 4.9 ਲੱਖ ਰੁਪਏ ਤੋਂ ਵੱਧ ਕੇ 6 ਲੱਖ ਰੁਪਏ ਪਹੁੰਚੀ। ਦੂਜੇ ਪਾਸੇ ਸੰਸਦ ਮੈਂਬਰਾਂ ਦੀ ਜਾਇਦਾਦ 2014 'ਚ ਔਸਤਨ 14.7 ਕਰੋੜ ਰੁਪਏ ਸੀ, ਜੋ ਕਿ 2019 ਵਿਚ ਵਧ ਕੇ 20.9 ਕਰੋੜ ਰੁਪਏ ਪਹੁੰਚ ਗਈ। ਸੰਸਦ ਮੈਂਬਰਾਂ ਦੀ ਜਾਇਦਾਦ ਵੱਧਣ ਦੀ ਰਫਤਾਰ ਟੈਕਸਦਾਤਾਵਾਂ ਦੀ ਔਸਤ ਤਨਖਾਹ ਤੋਂ ਵੱਧ ਤੇਜ਼ੀ ਨਾਲ ਵਧੀ। ਔਸਤ ਤਨਖਾਹ ਆਮਦਨ ਵਿੱਤੀ ਸਾਲ 2014 ਵਿਚ 5.7 ਲੱਖ ਰੁਪਏ ਸੀ, ਜੋ ਕਿ 2017 'ਚ 5.9 ਫੀਸਦੀ ਵੱਧ ਕੇ 6.8 ਲੱਖ ਰੁਪਏ ਹੋ ਗਈ।

17ਵੀਂ ਲੋਕ ਸਭਾ 'ਚ 225 ਸੰਸਦ ਮੈਂਬਰ ਦੁਬਾਰਾ ਚੁਣ ਕੇ ਆਏ ਹਨ। ਦੁਬਾਰਾ ਚੁਣ ਕੇ ਆਏ ਸੰਸਦ ਮੈਂਬਰਾਂ ਮੈਂਬਰਾਂ ਦੇ ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਦੀ ਜਾਇਦਾਦ ਵੱਧਣ ਦੀ ਰਫਤਾਰ ਟੈਕਸਦਾਤਾਵਾਂ ਤੋਂ ਘੱਟ ਰਹੀ ਹੈ। ਉਨ੍ਹਾਂ ਦੀ ਜਾਇਦਾਦ ਸਾਲਾਨਾ 5.1 ਫੀਸਦੀ ਦੀ ਰਫਤਾਰ ਨਾਲ ਵਧੀ। ਇਸ ਤੋਂ ਸਾਫ ਹੈ ਕਿ ਨਵੇਂ ਚੁਣ ਕੇ ਆਏ ਸੰਸਦ ਮੈਂਬਰਾਂ ਦੀ ਜਾਇਦਾਦ ਵੱਧ ਹੈ, ਜਿਸ ਕਾਰਨ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ ਦਾ ਆਕਾਰ ਵਧਿਆ ਹੈ। ਗੈਰ ਸਰਕਾਰੀ ਸੰਗਠਨਾਂ ਦੀ ਰਿਪੋਰਟ ਮੁਤਾਬਕ ਹਾਲ ਹੀ ਵਿਚ ਚੋਣਾਂ ਵਿਚ ਉਨ੍ਹਾਂ ਸੰਸਦ ਮੈਂਬਰਾਂ ਦੀ ਗਿਣਤੀ ਵਧੀ ਹੈ, ਜਿਨ੍ਹਾਂ ਦੀ ਜਾਇਦਾਦ ਇਕ ਕਰੋੜ ਰੁਪਏ ਤੋਂ ਵੱਧ ਹੈ। ਸਾਲ 2009 ਵਿਚ ਇਹ 58 ਫੀਸਦੀ ਸੀ, ਜੋ ਕਿ 2014 ਵਿਚ ਵੱਧ ਕੇ 82 ਫੀਸਦੀ ਹੋ ਗਈ। ਸਾਲ 2019 ਵਿਚ ਇਹ ਅੰਕੜਾ ਵੱਧ ਕੇ 88 ਫੀਸਦੀ ਹੋ ਗਿਆ। ਸੰਭਾਵਨਾ ਹੈ ਕਿ 2017 ਦੇ ਟੈਕਸ ਅੰਕੜੇ 2019 ਵਿਚ ਬਦਲ ਗਏ ਹੋਣਗੇ ਪਰ ਟੈਕਸਦਾਤਾ ਆਮ ਤੌਰ 'ਤੇ ਔਸਤ ਭਾਰਤੀਆਂ ਤੋਂ ਜ਼ਿਆਦਾ ਅਮੀਰ ਹੁੰਦੇ ਹਨ। ਸਰਕਾਰ ਨੇ ਜਨਵਰੀ ਵਿਚ ਇਕ ਬਿਆਨ ਵਿਚ ਕਿਹਾ ਕਿ 2018-19 ਦੌਰਾਨ ਪ੍ਰਤੀ ਵਿਅਕਤੀ ਔਸਤ ਆਮਦਨ 1,25,397 ਰੁਪਏ ਰਹਿਣ ਦਾ ਅਨੁਮਾਨ ਹੈ।


author

Tanu

Content Editor

Related News