ਵਿਆਹ ਵਾਲੇ ਘਰ ਸ਼ਗਨਾਂ ਦੀ ਥਾਂ ਪਏ ਵੈਣ, ਬਿਊਟੀ ਪਾਰਲਰ ਗਈ ਲਾੜੀ ਦਾ ਕਤਲ

Sunday, Jul 05, 2020 - 02:26 PM (IST)

ਵਿਆਹ ਵਾਲੇ ਘਰ ਸ਼ਗਨਾਂ ਦੀ ਥਾਂ ਪਏ ਵੈਣ, ਬਿਊਟੀ ਪਾਰਲਰ ਗਈ ਲਾੜੀ ਦਾ ਕਤਲ

ਰਤਲਾਮ (ਵਾਰਤਾ)— ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ ਦੇ ਜਾਵਰਾ ’ਚ ਐਤਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ। ਇੱਥੇ ਮੇਕਅਪ ਕਰਾਉਣ ਬਿਊਟੀ ਪਾਰਲਰ ਪੁੱਜੀ ਲਾੜੀ ਦਾ ਅਗਿਆਤ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਸ ਸੂਤਰਾਂ ਮੁਤਾਬਕ ਸ਼ਾਜਾਪੁਰ ਜ਼ਿਲ੍ਹਾ ਵਾਸੀ 24 ਸਾਲਾ ਸੋਨੂੰ ਯਾਦਵ ਆਪਣੇ ਪਰਿਵਾਰ ਨਾਲ ਅੱਜ ਸਵੇਰੇ ਹੀ ਵਿਆਹ ਲਈ ਜਾਵਰਾ ਆਈ ਸੀ। ਵਿਆਹ ਤੋਂ ਪਹਿਲਾਂ ਮੇਕਅਪ ਕਰਨ ਲਈ ਲਾੜੀ ਸੋਨੂੰ ਆਪਣੀ ਭੈਣ ਨਾਲ ਜਾਵਰਾ ਦੇ ਮੰਸ਼ਾਪੂਰਨ ਰੋਡ ਸਥਿਤ ਬਿਊਟੀ ਪਾਰਲਰ ਗਈ ਸੀ। 

ਪੁਲਸ ਸੂਤਰਾਂ ਮੁਤਾਬਕ ਬਿਊਟੀ ਪਾਰਲਰ ’ਚ ਇਕ ਮੁੰਡਾ ਆਇਆ, ਜਿਸ ਨੇ ਪਹਿਲਾਂ ਬਾਹਰੋਂ ਫੋਨ ਲਾਇਆ ਅਤੇ ਉਸ ਤੋਂ ਬਾਅਦ ਬਿਊਟੀ ਪਾਰਲਰ ਵਿਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਲਾੜੀ ਦਾ ਗਲ਼ ਵੱਢ ਕੇ ਕਤਲ ਕਰ ਦਿੱਤਾ। ਦਿਲ ਦਹਿਲਾ ਦੇਣ ਵਾਲੇ ਇਸ ਵਾਰਦਾਤ ਤੋਂ ਬਾਅਦ ਜਾਵਰਾ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਨਗਰ ਐੱਸ. ਪੀ. ਰਾਣਾਵਤ ਪੁਲਸ ਦਸਤਿਆਂ ਨਾਲ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਲਈ।

ਪੁਲਸ ਮੁਤਾਬਕ ਲਾੜੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਪੁਲਸ ਪੂਰੇ ਖੇਤਰ ਦੀ ਨਾਕਾਬੰਦੀ ਕਰ ਕੇ ਕਾਤਲ ਦੀ ਭਾਲ ’ਚ ਜੁੱਟ ਗਈ ਹੈ। ਆਖਰਕਾਰ ਕਾਤਲ ਦਾ ਮਕਸਦ ਕੀ ਸੀ ਅਤੇ ਉਸ ਨੇ ਅਜਿਹੀ ਵਾਰਦਾਤ ਨੂੰ ਅੰਜ਼ਾਮ ਕਿਉਂ ਦਿੱਤਾ। ਓਧਰ ਲਾੜੀ ਦੇ ਮਾਪਿਆਂ ਨੂੰ ਜਦੋਂ ਆਪਣੀ ਧੀ ਦੇ ਕਤਲ ਹੋਣ ਦੀ ਜਾਣਕਾਰੀ ਮਿਲੀ ਤਾਂ ਉਹ ਸੁੰਨ ਹੋ ਗਏ। ਜਿਸ ਘਰ ’ਚ ਧੀ ਦੇ ਵਿਆਹ ਦੇ ਸ਼ਗਨ ਹੋਣੇ ਸਨ ਹੁਣ ਉੱਥੇ ਵੈਣ ਪੈ ਰਹੇ ਹਨ।


author

Tanu

Content Editor

Related News